ਕਟਾਰੀਆਂ, 3 ਮਈ (ਪ੍ਰੇਮੀ ਸੰਧਵਾਂ)-ਮਕਸੂਦਪੁਰ-ਸੂੰਢ ਦੀ ਦਾਣਾ ਮੰਡੀ 'ਚ ਕਣਕ ਦੀ ਢਿੱਲੀ ਚੁਕਾਈ ਕਾਰਨ ਆੜ੍ਹਤੀ ਤੇ ਮਜ਼ਦੂਰ ਉਦਾਸੀ ਦੇ ਆਲਮ ਵਿਚੋਂ ਗੁਜਰ ਰਿਹਾ ਸੀ, ਜਿਸ ਕਾਰਨ ਆੜ੍ਹਤੀਆਂ ਤੇ ਮਜ਼ਦੂਰਾਂ 'ਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਸੀ | ਕਿਉਂਕਿ ਕਣਕ ਦੀ ਚੁਕਾਈ ਨਾ ਹੋਣ ਕਾਰਨ ਆੜ੍ਹਤੀ ਤੇ ਮਜ਼ਦੂਰ ਮੰਡੀ ਵਿਚ ਬੱਝ ਕੇ ਬੈਠੇ ਸਨ ਤੇ ਮਜ਼ਦੂਰਾਂ ਨੂੰ ਆਪਣੀ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ, ਮੰਡੀ 'ਚੋਂ ਕਣਕ ਦੀ ਚੁਕਾਈ ਸ਼ੁਰੂ ਹੋਣ ਨਾਲ ਆੜਤੀਆਂ ਤੇ ਮਜ਼ਦੂਰਾਂ ਨੇ ਸੁੱਖ ਦਾ ਸਾਹ ਲਿਆ ਕਿਉਂਕਿ ਉਹ ਵਿਹਲੇ ਹੋ ਕੇ ਆਪਣੇ ਬੱਚਿਆਂ ਕੋਲ ਜਾਣਾ ਚਾਹੁੰਦੇ ਸਨ ਪਰ ਕਣਕ ਦੀਆਂ ਬੋਰੀਆਂ ਦੇ ਮੰਡੀ ਵਿਚ ਲੱਗੇ ਅੰਬਾਰਾਂ ਦੀ ਚੁਕਾਈ ਨਾ ਹੋਣ ਕਾਰਨ ਉਹ ਆਪਣੇ ਰਾਜਾਂ ਨੂੰ ਜਾਣ ਲਈ ਤਰਸ ਰਹੇ ਸਨ | 'ਆਪ' ਦੇ ਸੀਨੀਅਰ ਯੂਥ ਆਗੂ ਹਰਕਮਲਪ੍ਰੀਤ ਸਿੰਘ ਬਲਾਕੀਪੁਰ ਤੇ ਕਿਸਾਨ ਆਗੂ ਜਗਜੀਤ ਸਿੰਘ ਬਲਾਕੀਪੁਰ ਨੇ ਕਿਹਾ ਕਿ ਹੁਣ ਕਣਕ ਦੀ ਚੁਕਾਈ ਦਾ ਕੰਮ ਮੰਡੀ ਵਿਚੋਂ ਛੇਤੀ ਖਤਮ ਹੋ ਜਾਵੇਗਾ ਤਾਂ ਜੋ ਕਿਸੇ ਵੀ ਆੜ੍ਹਤੀ ਤੇ ਮਜ਼ਦੂਰ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ |