ਬਲਾਚੌਰ, 3 ਮਈ (ਨਰੇਸ਼ ਧੌਲ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਨੌਕਰੀਆਂ ਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਵੱਡੇ ਉਪਰਾਲੇ ਕਰ ਰਹੀ ਹੈ ਤਾਂ ਜੋ ਪੰਜਾਬ ਦਾ ਆਉਣ ਵਾਲਾ ਭਵਿੱਖ ਸੁਨਹਿਰਾ ਹੋ ਸਕੇ | ਇਹ ਪ੍ਰਗਟਾਵਾ ਸੀਨੀਅਰ 'ਆਪ' ਆਗੂ ਸੇਵਾ ਮੁਕਤ ਬਿ੍ਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਨੇ ਮੌਜੂਦਾ ਸਰਕਾਰ ਵਲੋਂ ਨੌਜਵਾਨਾਂ ਲਈ ਕੀਤੇ ਜਾਂਦੇ ਉਪਰਾਲਿਆਂ ਸੰਬੰਧੀ ਗੱਲਬਾਤ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹਰੇਕ ਸਰਕਾਰੀ ਵਿਭਾਗ ਅੰਦਰ ਖ਼ਾਲੀ ਪਈਆਂ ਅਸਾਮੀਆਂ ਨੂੰ ਬਗੈਰ ਵਿਤਕਰਾ ਕੀਤਿਆਂ ਨੌਜਵਾਨਾਂ ਦੀ ਕਾਬਲੀਅਤ ਦੇ ਆਧਾਰ 'ਤੇ ਭਰਿਆ ਜਾ ਰਿਹਾ ਹੈ | ਇਸ ਨਾਲ ਜਿਥੇ ਬੇਰੁਜ਼ਗਾਰੀ ਨੂੰ ਠੱਲ੍ਹ ਪਾਈ ਜਾ ਸਕੇਗੀ ਉਥੇ ਹਰ ਵਿਭਾਗ ਅੰਦਰ ਮੁਲਾਜ਼ਮ ਪੂਰੇ ਹੋਣ ਨਾਲ ਸਮੁੱਚੇ ਕੰਮ-ਕਾਜ ਅੰਦਰ ਵੀ ਪਾਰਦਰਸ਼ਤਾ ਪੈਦਾ ਹੋਵੇਗੀ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਦੇ ਸਮੁੱਚੇ ਪਿੰਡਾਂ ਅੰਦਰ 'ਆਪ' ਸਰਕਾਰ ਵਲੋਂ ਨੌਜਵਾਨਾਂ ਲਈ ਖੇਡ ਸਟੇਡੀਅਮ ਤੇ ਖੇਡਾਂ ਦਾ ਸਾਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਆਪਣੀ ਕਾਰਜਸ਼ੈਲੀ ਦੇ ਆਧਾਰ 'ਤੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਪੰਜਾਬ ਵਾਸੀਆਂ ਦੇ ਸਹਿਯੋਗ ਨਾਲ 'ਆਪ' ਸਰਕਾਰ ਫਿਰ ਤੋਂ ਰੀਪੀਟ ਕਰੇਗੀ | ਇਸ ਮੌਕੇ ਪ੍ਰੇਮ ਚੰਦ ਮੀਲੂ ਚਾਂਦਪੁਰ ਰੁੜਕੀ ਵਾਲੇ ਵੀ ਹਾਜ਼ਰ ਸਨ |