ਰਾਹੋਂ, 4 ਮਈ (ਉਂਕਾਰ ਸਿੰਘ ਰਾਠੋਰ)-ਬੱਸ ਅੱਡਾ ਰਾਹੋਂ ਵਿਖੇ ਦੇਰ ਰਾਤ ਇਕ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ ਜਿਥੇ ਬਜਰੀ ਨਾਲ ਪੂਰਾ ਭਰਿਆ ਭਾਰੀ ਟਿੱਪਰ ਤਿੱਖੇ ਮੋੜ 'ਤੇ ਬੇਕਾਬੂ ਹੋ ਕੇ ਬੱਸ ਅੱਡਾ ਨਜ਼ਦੀਕ ਪਲਟ ਗਿਆ | ਜਾਣਕਾਰੀ ਮੁਤਾਬਕ ਟਿੱਪਰ ਹਿਮਾਚਲ ਪ੍ਰਦੇਸ਼ ਤੋਂ ਬਜਰੀ ਲੈ ਕੇ ਲੁਧਿਆਣਾ ਵੱਲ ਜਾ ਰਿਹਾ ਸੀ | ਜਿਵੇਂ ਹੀ ਇਹ ਵਾਹਨ ਰਾਹੋਂ ਬੱਸ ਅੱਡੇ ਦੇ ਖ਼ਤਰਨਾਕ ਮੋੜ 'ਤੇ ਪਹੁੰਚਿਆ, ਡਰਾਇਵਰ ਦਾ ਸੰਤੁਲਨ ਵਿਗੜ ਗਿਆ ਤੇ ਟਿੱਪਰ ਪਲਟ ਗਿਆ | ਟਿੱਪਰ ਦਾ ਨੰਬਰ ਪੀ.ਬੀ.10 ਐਫ.ਐਚ 4242 ਦੱਸਿਆ ਜਾ ਰਿਹਾ ਹੈ, ਜਿਸ ਨੂੰ ਮੁਕੇਸ਼ ਕੁਮਾਰ ਵਾਸੀ ਲੁਧਿਆਣਾ ਚਲਾ ਰਿਹਾ ਸੀ | ਇਹ ਹਾਦਸਾ ਜਿੰਨਾ ਭਿਆਨਕ ਸੀ ਉਨ੍ਹਾਂ ਹੀ ਖੁਸ਼ਕਿਸਮਤੀ ਵਾਲਾ ਵੀ ਰਿਹਾ ਕਿਉਂਕਿ ਕਿਸੇ ਵੀ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ | ਜੇਕਰ ਇਹ ਘਟਨਾ ਦਿਨ ਦੇ ਭੀੜ-ਭਾੜ ਵਾਲੇ ਸਮੇਂ ਵਿਚ ਵਾਪਰਦੀ ਤਾਂ ਬੱਸ ਅੱਡੇ ਨੇੜੇ ਦਰਜਨਾਂ ਲੋਕਾਂ ਦੀ ਜ਼ਿੰਦਗੀ ਖ਼ਤਰੇ 'ਚ ਪੈ ਸਕਦੀ ਸੀ | ਸਥਾਨਕ ਦੁਕਾਨਦਾਰਾਂ ਤੇ ਰਹਿਣ ਵਾਲਿਆਂ ਨੇ ਦੱਸਿਆ ਕਿ ਇਸ ਥਾਂ 'ਤੇ ਪਹਿਲਾਂ ਵੀ ਕਈ ਵਾਰ ਟਿੱਪਰ ਤੇ ਟਰਾਲੀਆਂ ਪਲਟਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ ਪਰ ਪ੍ਰਸਾਸ਼ਨ ਵਲੋਂ ਅਜੇ ਤੱਕ ਕੋਈ ਪੱਕਾ ਹੱਲ ਨਹੀਂ ਕੀਤਾ | ਲੋਕਾਂ ਨੇ ਗੁੱਸਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਹ ਮੋੜ ਮੌਤ ਦਾ ਮੋੜ ਬਣ ਚੁੱਕਾ ਹੈ | ਲੋਕਾਂ ਨੇ ਪ੍ਰਸ਼ਾਸਨ ਤੋਂ ਤੁਰੰਤ ਮੰਗ ਕੀਤੀ ਹੈ ਕਿ ਇਸ ਖ਼ਤਰਨਾਕ ਸਥਾਨ 'ਤੇ ਸਪੀਡ ਬ੍ਰੇਕਰ, ਰਿਫਲੈਕਟਰ, ਚਿਤਾਵਨੀ ਬੋਰਡ ਅਤੇ ਟ੍ਰੈਫਿਕ ਕੰਟਰੋਲ ਦੇ ਢੁੱਕਵੇਂ ਇੰਤਜ਼ਾਮ ਕੀਤੇ ਜਾਣ ਤਾਂ ਜੋ ਭਵਿੱਖ ਵਿਚ ਕੋਈ ਵੱਡਾ ਹਾਦਸਾ ਨਾ ਵਾਪਰੇ |