ਨਵਾਂਸ਼ਹਿਰ/ ਬਲਾਚੌਰ, 5 ਮਈ (ਦੀਦਾਰ ਸਿੰਘ ਸ਼ੇਤਰਾ, ਨਰੇਸ਼ ਧੌਲ)-ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਫੂਡ ਸੇਫਟੀ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵਲੋਂ ਦੁੱਧ ਵਿਚ ਮਿਲਾਵਟ ਖ਼ਿਲਾਫ਼ ਜ਼ੀਰੋ ਟੋਲਰੈਂਸ ਨੀਤੀ ਅਪਣਾਉਂਦੇ ਹੋਏ ਜਾਂਚ ਮੁਹਿੰਮ ਚਲਾਈ ਗਈ | ਇਸ ਮੌਕੇ ਸਹਾਇਕ ਕਮਿਸ਼ਨਰ (ਫੂਡ) ਸ੍ਰੀਮਤੀ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ, ਜਿਸ ਵਿਚ ਫੂਡ ਸੇਫਟੀ ਅਫ਼ਸਰ ਸੰਗੀਤਾ ਸਹਿਦੇਵ ਵੀ ਸ਼ਾਮਿਲ ਸਨ, ਵਲੋਂ ਸਵੇਰੇ 6 ਵਜੇ ਤੋਂ ਹੀ ਦੁੱਧ ਕੁਲੈਕਸ਼ਨ ਸੈਂਟਰਾਂ ਤੇ ਡੇਅਰੀਆਂ ਦੀ ਅਚਾਨਕ ਜਾਂਚ ਕੀਤੀ ਗਈ | ਫੂਡ ਸੇਫਟੀ ਟੀਮ ਨੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚੋਂ ਦੁੱਧ ਦੇ ਸੈਂਪਲ ਭਰ ਕੇ ਲੈਬ ਟੈਸਟਿੰਗ ਲਈ ਭੇਜੇ ਤਾਂ ਜੋ ਮਿਲਾਵਟ ਕਰਨ ਵਾਲਿਆਂ ਨੂੰ ਬੇਨਕਾਬ ਕੀਤਾ ਜਾ ਸਕੇ | ਇਸ ਮੌਕੇ ਸਹਾਇਕ ਕਮਿਸ਼ਨਰ (ਫੂਡ) ਹਰਪ੍ਰੀਤ ਕੌਰ ਨੇ ਕੜੇ ਸ਼ਬਦਾਂ ਵਿਚ ਚਿਤਾਵਨੀ ਦਿੰਦਿਆਂ ਕਿਹਾ ਕਿ ਦੁੱਧ ਵਿਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਨੇ ਦੋ-ਟੁੱਕ ਸ਼ਬਦਾਂ ਵਿਚ ਕਿਹਾ ਕਿ ਜੇਕਰ ਕੋਈ ਵੀ ਡੇਅਰੀ ਜਾਂ ਵਿਅਕਤੀ ਇਸ ਗੰਭੀਰ ਅਪਰਾਧ ਵਿਚ ਸ਼ਾਮਿਲ ਪਾਇਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਫੂਡ ਸੇਫਟੀ ਵਿਭਾਗ ਨੇ ਡੇਅਰੀਆਂ ਤੇ ਕੁਲੈਕਸ਼ਨ ਸੈਂਟਰਾਂ ਦੇ ਮਾਲਕਾਂ ਨੂੰ ਸਪੱਸ਼ਟ ਹਦਾਇਤਾਂ ਜਾਰੀ ਕੀਤੀਆਂ ਕਿ ਉਹ ਦੁੱਧ ਦੀ ਖਰੀਦ, ਸਪਲਾਈ ਅਤੇ ਸਟੋਰੇਜ ਨਾਲ ਸੰਬੰਧਤ ਪੂਰਾ ਰਿਕਾਰਡ ਸੁਚੱਜੇ ਢੰਗ ਨਾਲ ਤਿਆਰ ਕਰਕੇ ਰੱਖਣ, ਨਹੀਂ ਤਾਂ ਉਨ੍ਹਾਂ ਨੂੰ ਵੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ |
ਫੂਡ ਸੇਫਟੀ ਵਿਭਾਗ ਵਲੋਂ ਬਲਾਚੌਰ ਦੇ ਪਿੰਡਾਂ ਦੀਆਂ ਦੁੱਧ ਦੀਆਂ ਡੇਅਰੀਆਂ/ਕੁਲੈਕਸ਼ਨ ਸੈਂਟਰਾਂ ਦੀ ਜਾਂਚ
ਅਜੀਤ ਡੈਸਕ
06-05-2026