ਕਾਠਗੜ੍ਹ, 5 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਕਾਰਪੋਰੇਟ ਪੂੰਜੀਪਤੀ, ਕੇਂਦਰ ਤੇ ਪੰਜਾਬ ਸਰਕਾਰ ਰਾਹੀਂ ਖੇਤੀ ਸੈਕਟਰ 'ਤੇ ਲਗਾਤਾਰ ਹਮਲੇ ਕਰਕੇ ਜ਼ਮੀਨਾਂ ਹਥਿਆਉਣ ਦਾ ਯਤਨ ਜਾਰੀ ਰੱਖ ਰਹੇ ਹਨ | ਇਹ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸੰਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ, ਮਜ਼ਦੂਰ ਤੇ ਪਿੰਡਾਂ ਦੇ ਲੋਕ ਲਗਾਤਾਰ ਕਾਰਪੋਰੇਟ ਪੂੰਜੀਵਾਦ ਤੇ ਸਰਕਾਰਾਂ ਵਿਰੁੱਧ ਸੰਘਰਸ਼ ਲੜ ਰਹੇ ਹਨ | ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਮੁੜ ਤੋਂ ਲੈਂਡ ਪੁਲਿੰਗ ਸਕੀਮ ਨੂੰ ਲਾਗੂ ਕਰਨ ਦਾ ਯਤਨ ਕਰ ਰਹੀ ਹੈ | ਪਹਿਲਾਂ ਵਾਪਸ ਲਈ ਸਕੀਮ ਵਿਚ 65 ਹਜ਼ਾਰ ਏਕੜ ਜ਼ਮੀਨ ਐਕਵਾਇਰ ਕਰਨ ਦਾ ਟੀਚਾ ਸੀ | ਹੁਣ ਪੁਰਾਣੀ ਸਕੀਮ ਨੂੰ ਸੋਧਾਂ ਸਹਿਤ ਲਾਗੂ ਕਰਨ ਦਾ ਨਵਾਂ ਡਰਾਫਟ ਤਿਆਰ ਕੀਤਾ ਜਾ ਰਿਹਾ ਹੈ | ਸਾਥੀ ਰਾਣਾ ਨੇ ਕਿਹਾ ਜੇ ਇਹ ਪਾਲਸੀ ਦੁਆਰਾ ਲਾਗੂ ਕੀਤੀ ਜਾਂਦੀ ਹੈ ਤਾਂ ਇਸ ਦਾ ਜਬਰਦਸਤ ਵਿਰੋਧ ਪੰਜਾਬ ਦੇ ਪਿੰਡਾਂ ਵਿਚੋਂ ਉੱਠੇਗਾ ਜੋ ਸਰਕਾਰ ਦਾ ਮੂੰਹ ਮੋੜ ਦੇਵੇਗਾ | ਸਾਥੀ ਰਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਿੱਤੀ ਹਾਲਤ ਬਹੁਤ ਹੀ ਕੰਮਜ਼ੋਰ ਹੋ ਚੁੱਕੀ ਹੈ | 3 ਹਜ਼ਾਰ ਕਰੋੜ ਰੁਪਏ ਕਰਜ਼ੇ ਦਾ ਵਿਆਜ ਪ੍ਰਤੀ ਮਹੀਨਾ ਮੋੜਨਾ ਪੈਂਦਾ ਹੈ, 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਔਰਤਾਂ ਨੂੰ ਜੋ ਨਕਦ ਸਹਾਇਤਾ ਦੇਣੀ ਹੈ ਉਸ ਲਈ 14000 ਕਰੋੜ ਰੁਪਈਆ ਸਾਲਾਨਾ ਦੀ ਲੋੜ ਪਵੇਗੀ | ਇਸੇ ਤਰ੍ਹਾਂ ਤੇਜ਼ੀ ਨਾਲ ਵੱਧ ਰਹੀ ਮਹਿੰਗਾਈ ਦੇ ਚਲਦੇ ਵਿਕਾਸ ਦੇ ਕੰਮਾਂ ਲਈ ਰਕਮ ਦੀ ਲੋੜ ਹੋਵੇਗੀ, ਜਦ ਕਿ ਸਰਕਾਰ ਕੋਲ ਸਿਰਫ ਛੇ ਮਹੀਨੇ ਹੀ ਬਚੇ ਹਨ | ਸਰਕਾਰ ਮਾਈਨਿੰਗ ਤੇ ਐਕਸਾਈਜ਼ 'ਚੋਂ ਪੈਸਾ ਕਮਾਉਣ ਤੋਂ ਅਸਮਰਥ ਜਾਪਦੀ ਹੈ ਇਸ ਲਈ ਲੈਂਡ ਪੂਲਿੰਗ ਸਕੀਮ ਨੂੰ ਦੁਬਾਰਾ ਲਾਗੂ ਕਰਨ ਵੱਲ ਕਦਮ ਵਧਾਏ ਜਾ ਰਹੇ ਹਨ ਜੋ ਸਰਕਾਰ ਲਈ ਘਾਤਕ ਸਾਬਤ ਹੋਵੇਗਾ |