ਬੰਗਾ, 9 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਗਏ ਬੀ. ਬੀ. ਏ. ਸਮੈਸਟਰ ਪੰਜਵਾਂ ਦੇ ਨਤੀਜਿਆਂ ਵਿਚ ਸਿੱਖ ਨੈਸ਼ਨਲ ਕਾਲਜ ਬੰਗਾ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਕਾਲਜ ਦਾ ਮਾਣ ਵਧਾਇਆ ਹੈ | ਇਸ ਅੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਾਲਜ ਦੇ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਦੱਸਿਆ ਕਿ ਵਿਦਿਆਰਥਣ ਰਾਜਵੀਰ ਕੌਰ ਨੇ 8.14 ਐਸ. ਜੀ. ਪੀ. ਏ. ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚ ਪਹਿਲਾ, ਜ਼ਿਲ੍ਹੇ ਤੇ ਕਾਲਜ ਵਿਚ ਪਹਿਲਾ ਸਥਾਨ ਹਾਸਿਲ ਕੀਤਾ ਹੈ | ਇਸੇ ਤਰ੍ਹਾਂ ਵਿਦਿਆਰਥਣ ਆਂਚਲ ਸੈਣੀ ਨੇ 7.71 ਐਸ. ਜੀ. ਪੀ. ਏ. ਨਾਲ ਯੂਨੀਵਰਸਿਟੀ ਵਿਚ ਤੀਜਾ, ਜ਼ਿਲ੍ਹੇ ਤੇ ਕਾਲਜ ਵਿਚ ਦੂਜਾ ਸਥਾਨ ਹਾਸਿਲ ਕੀਤਾ | ਵਿਦਿਆਰਥੀ ਭਵਨਜੋਤ ਸਿੰਘ ਨੇ 7.57 ਐਸ.ਜੀ.ਪੀ.ਏ ਨਾਲ ਯੂਨੀਵਰਸਿਟੀ ਵਿਚ ਚੌਥਾ, ਜ਼ਿਲ੍ਹੇ ਤੇ ਕਾਲਜ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਪਿ੍ੰਸੀਪਲ ਡਾ. ਭਿੰਡਰ ਨੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦਿਆਂ ਕਿਹਾ ਕਿ ਕਾਮਰਸ ਵਿਭਾਗ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਹੋਰ ਖੇਤਰਾਂ ਵਿਚ ਵੀ ਸ਼ਲਾਘਾਯੋਗ ਪ੍ਰਾਪਤੀਆਂ ਕਰਦੇ ਹੋਏ ਕਾਲਜ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਰਹੇ ਹਨ | ਉਨ੍ਹਾਂ ਨੇ ਵਿਭਾਗ ਦੇ ਅਧਿਆਪਕਾਂ ਨੂੰ ਵੀ ਵਧਾਈ ਦਿੰਦਿਆਂ ਵਿਦਿਆਰਥੀਆਂ ਨੂੰ ਸਮੇਂ-ਸਮੇਂ 'ਤੇ ਦਿੱਤੀ ਜਾਂਦੀ ਯੋਗ ਅਗਵਾਈ ਦੀ ਭਰਪੂਰ ਸ਼ਲਾਘਾ ਕੀਤੀ | ਵਿਭਾਗ ਮੁਖੀ ਡਾ. ਕਮਲਦੀਪ ਕੌਰ ਨੇ ਵੀ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ | ਇਸ ਮੌਕੇ ਡਾ. ਦਵਿੰਦਰ ਕੌਰ, ਪ੍ਰੋ. ਰਮਨਦੀਪ ਕੌਰ, ਪ੍ਰੋ. ਮਨਰਾਜ ਕੌਰ, ਪ੍ਰੋ. ਪਿ੍ਆ ਲੱਧੜ, ਪ੍ਰੋ. ਅਵਨੀਤ ਕੌਰ, ਪ੍ਰੋ. ਦੀਪਿਕਾ, ਪ੍ਰੋ. ਮਨੀਸ਼ਾ, ਪ੍ਰੋ. ਗੁਰਿੰਦਰ ਕੌਰ ਤੇ ਪ੍ਰੋ. ਹਰਸਿਮਰਨ ਕੌਰ ਵੀ ਹਾਜ਼ਰ ਸਨ |