ਮਜਾਰੀ/ਸਾਹਿਬਾ, 11 ਮਈ (ਨਿਰਮਲਜੀਤ ਸਿੰਘ ਚਾਹਲ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਸਾਹਦੜਾ ਨੇ ਕਸਬਾ ਮਜਾਰੀ ਵਿਖੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਹਿਕਾਰੀ ਸਭਾਵਾਂ ਵਿਚ ਕਿਸਾਨਾਂ ਦੇ ਹੱਦ ਕਰਜ਼ਿਆਂ ਵਿਚ ਵਾਧਾ ਕੀਤਾ ਗਿਆ ਸੀ | ਹੁਣ ਪੰਜਾਬ ਸਰਕਾਰ ਦੇ ਨਵੇਂ ਫੈਸਲੇ ਨਾਲ ਕਿਸਾਨਾਂ ਦੇ ਵਧੇ ਹੋਏ ਹੱਦ ਕਰਜ਼ਿਆਂ ਨੂੰ ਦੇਣ 'ਤੇ ਰੋਕ ਲਗਾ ਦਿੱਤੀ ਹੈ, ਜਿਸ ਨਾਲ ਸਰਕਾਰ ਵਲੋਂ ਕਿਸਾਨਾਂ ਨਾਲ ਇਕ ਤਰ੍ਹਾਂ ਦਾ ਮਜ਼ਾਕ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਖੇਤੀ ਨਾਲ ਸੰਬੰਧਤ ਹਰ ਇਕ ਚੀਜ਼ ਜਿਸ 'ਚ ਬੀਜ਼, ਦਵਾਈਆਂ, ਖਾਦਾਂ ਤੇ ਖੇਤੀ ਦੇ ਸੰਦਾਂ ਦੀਆਂ ਕੀਮਤਾਂ ਵਿਚ ਬਹੁਤ ਵਾਧਾ ਹੋਇਆ ਹੈ, ਜਿਸ ਕਾਰਨ ਹੱਦ ਕਰਜ਼ਿਆਂ 'ਚ ਵਾਧਾ ਹੋਣਾ ਜਰੂਰੀ ਸੀ | ਜਿਸ ਨਾਲ ਸਹਿਕਾਰੀ ਸਭਾਵਾਂ ਦੇ ਕੰਮ 'ਚ ਵਾਧੇ ਦੇ ਨਾਲ ਕਿਸਾਨਾਂ ਨੂੰ ਵੱਧ ਸਹੂਲਤਾਂ ਮਿਲਣਗੀਆਂ ਪਰ ਸਰਕਾਰ ਵਲੋਂ ਆਪੇ ਫੈਸਲਾ ਲੈ ਕੇ ਬਾਅਦ ਵਿਚ ਭੱਜਣਾ ਠੀਕ ਨਹੀਂ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਰਜ਼ਿਆਂ ਦੇ ਨਵੇਂ ਸਕੇਲ ਤੁਰੰਤ ਲਾਗੂ ਕੀਤੇ ਜਾਣ | ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਆਗੂ ਗੁਰਦੀਪ ਸਿੰਘ ਮੰਡੇਰ ਬਕਾਪੁਰ ਤੇ ਬਲਾਕ ਸੜੋਆ ਦੇ ਪ੍ਰਧਾਨ ਜਥੇ. ਸਤਨਾਮ ਸਿੰਘ ਸਹੂੰਗੜਾ ਵੀ ਹਾਜਰ ਸਨ |