ਬਲਾਚੌਰ, 11 ਮਈ (ਨਰੇਸ਼ ਧੌਲ)-ਬੀਤੇ ਦਿਨ ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ ਵਲੋਂ ਆਪਣੇ ਸਾਥੀਆਂ ਸਮੇਤ ਭਾਜਪਾ ਦੇ ਦਫ਼ਤਰ ਬਲਾਚੌਰ ਵਿਖੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨਾਲ ਧੱਕੇਸ਼ਾਹੀ ਤੇ ਹੱਥੋਪਾਈ ਕਰਨ ਦਾ ਵਰਤਾਰਾ ਅਤਿ ਮੰਦਭਾਗਾ ਸਾਬਤ ਹੋ ਰਿਹਾ ਹੈ | ਇਹ ਪ੍ਰਗਟਾਵਾ ਸੀਨੀਅਰ ਭਾਜਪਾ ਆਗੂ ਚੌਧਰੀ ਸੰਦੀਪ ਭਾਟੀਆ ਆਦੋਆਣਾ ਤੇ ਸਾਬਕਾ ਬਲਾਕ ਸੰਮਤੀ ਮੈਂਬਰ ਚੌਧਰੀ ਵਿਜੇ ਟਕਾਰਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ | ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਵਿਰੋਧ ਵਿਚ ਰੋਸ ਪ੍ਰਗਟਾਵਾ ਕਰਨਾ ਹਰ ਨਾਗਰਿਕ ਦਾ ਹੱਕ ਹੈ, ਪਰ ਇਸ ਤਰ੍ਹਾਂ ਕਿਸੇ ਵੀ ਪਾਰਟੀ ਦੇ ਦਫ਼ਤਰ ਅੰਦਰ ਦਾਖਲ ਹੋ ਕੇ ਜ਼ਿਲ੍ਹਾ ਪ੍ਰਧਾਨ 'ਤੇ ਹੱਥ ਚੁੱਕਣਾ ਗੁੰਡਾਗਰਦੀ ਦਾ ਨੰਗਾ ਨਾਚ ਕਰਨ ਦੇ ਬਰਾਬਰ ਸਾਬਿਤ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਧੱਕੇਸ਼ਾਹੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ 'ਆਪ' ਦੀਆਂ ਧੱਕੇਸ਼ਾਹੀਆਂ ਦਾ ਜਵਾਬ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਾਸੀ ਦੇਣ ਲਈ ਤਿਆਰ-ਬਰ-ਤਿਆਰ ਬੈਠੇ ਹਨ | ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਲੋਕਾਂ ਦੇ ਸਹਿਯੋਗ ਸਦਕਾ ਪੰਜਾਬ ਅੰਦਰ ਵੀ ਭਾਜਪਾ ਦੀ ਸਰਕਾਰ ਬਣਾਈ ਜਾਵੇਗੀ ਅਤੇ ਆਪ ਨੂੰ ਚੱਲਦਾ ਕੀਤਾ ਜਾਵੇਗਾ |