ਰਾਹੋਂ, 11 ਮਈ (ਉਂਕਾਰ ਸਿੰਘ ਰਾਠੋਰ)-ਨਗਰ ਕੌਂਸਲ ਚੋਣਾਂ ਦੇ ਐਲਾਨ ਨਾਲ ਹੀ ਰਾਹੋਂ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ | ਸ਼ਹਿਰ ਦੇ ਹਰ ਵਾਰਡ ਵਿਚ ਚੋਣੀ ਹਲਚਲ ਤੇਜ਼ ਹੋ ਚੁੱਕੀ ਹੈ ਅਤੇ ਸਿਆਸੀ ਪਾਰਟੀਆਂ ਨੇ ਆਪਣੀ ਪਕੜ ਮਜ਼ਬੂਤ ਕਰਨ ਲਈ ਜ਼ੋਰਦਾਰ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਗਲੀਆਂ-ਮੁਹੱਲਿਆਂ ਤੋਂ ਲੈ ਕੇ ਚਾਹ ਦੀਆਂ ਦੁਕਾਨਾਂ ਤੱਕ ਹੁਣ ਸਿਰਫ਼ ਚੋਣਾਂ ਦੀ ਹੀ ਚਰਚਾ ਹੋ ਰਹੀ ਹੈ | ਇਸ ਵਾਰ ਦੀਆਂ ਨਗਰ ਕੌਂਸਲ ਚੋਣਾਂ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਵਿਚਕਾਰ ਸਿੱਧੀ ਤੇ ਰੌਚਕ ਟੱਕਰ ਦੇ ਆਸਾਰ ਬਣ ਰਹੇ ਹਨ | ਹਰ ਪਾਰਟੀ ਵਲੋਂ ਮਜ਼ਬੂਤ ਉਮੀਦਵਾਰ ਮੈਦਾਨ ਵਿਚ ਉਤਾਰਨ ਦੀ ਤਿਆਰੀ ਚੱਲ ਰਹੀ ਹੈ ਅਤੇ ਸੰਭਾਵੀ ਉਮੀਦਵਾਰਾਂ ਨੇ ਲੋਕਾਂ ਨਾਲ ਸੰਪਰਕ ਮੁਹਿੰਮ ਵੀ ਤੇਜ਼ ਕਰ ਦਿੱਤੀ ਹੈ | ਚੋਣਾਂ ਦੇ ਐਲਾਨ ਤੋਂ ਬਾਅਦ ਸ਼ਹਿਰ ਵਿਚ ਸਿਆਸੀ ਮੀਟਿੰਗਾਂ, ਗੁਪਤ ਰਣਨੀਤੀਆਂ ਤੇ ਵਾਰਡ ਪੱਧਰ 'ਤੇ ਦੌੜ-ਭੱਜ ਵਧ ਗਈ ਹੈ | ਕਈ ਪੁਰਾਣੇ ਚਿਹਰਿਆਂ ਦੇ ਨਾਲ-ਨਾਲ ਨਵੇਂ ਉਮੀਦਵਾਰ ਵੀ ਇਸ ਵਾਰ ਚੋਣ ਮੈਦਾਨ ਵਿਚ ਉੱਤਰਨ ਲਈ ਤਿਆਰ ਨਜ਼ਰ ਆ ਰਹੇ ਹਨ | ਇਸ ਕਾਰਨ ਚੋਣੀ ਮੁਕਾਬਲਾ ਹੋਰ ਵੀ ਦਿਲਚਸਪ ਤੇ ਤਿੱਖਾ ਬਣਦਾ ਜਾ ਰਿਹਾ ਹੈ | ਲੋਕਾਂ ਦਾ ਮੰਨਣਾ ਹੈ ਕਿ ਇਸ ਵਾਰ ਸ਼ਹਿਰ ਦੇ ਵਿਕਾਸ, ਸਫ਼ਾਈ ਪ੍ਰਬੰਧ, ਪੀਣ ਵਾਲੇ ਪਾਣੀ ਦੀ ਕਮੀ, ਟੁੱਟੀਆਂ ਸੜਕਾਂ ਅਤੇ ਸੀਵਰੇਜ ਵਰਗੇ ਮੁੱਦੇ ਚੋਣਾਂ ਵਿਚ ਹਾਵੀ ਰਹਿਣਗੇ | ਦੂਜੇ ਪਾਸੇ ਪਾਰਟੀਆਂ ਵਲੋਂ ਵੱਡੇ ਆਗੂਆਂ ਦੀਆਂ ਰੈਲੀਆਂ ਤੇ ਰੋਡ ਸ਼ੋਅ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ, ਜਿਸ ਨਾਲ ਰਾਹੋਂ ਦਾ ਸਿਆਸੀ ਤਾਪਮਾਨ ਹੋਰ ਚੜ੍ਹਨ ਦੀ ਸੰਭਾਵਨਾ ਹੈ | ਸ਼ਹਿਰ ਵਿਚ ਚੋਣੀ ਮਾਹੌਲ ਪੂਰੀ ਤਰ੍ਹਾਂ ਬਣ ਚੁੱਕਾ ਹੈ ਅਤੇ ਹਰ ਪਾਰਟੀ ਆਪਣੀ ਜਿੱਤ ਦੇ ਦਾਅਵੇ ਕਰ ਰਹੀ ਹੈ | ਹੁਣ ਦੇਖਣਾ ਇਹ ਹੋਵੇਗਾ ਕਿ ਰਾਹੋਂ ਦੀ ਜਨਤਾ ਕਿਸ ਪਾਰਟੀ 'ਤੇ ਆਪਣਾ ਭਰੋਸਾ ਜਤਾਉਂਦੀ ਹੈ |