ਮੁਕੰਦਪੁਰ, 11 ਮਈ (ਅਮਰੀਕ ਸਿੰਘ ਢੀਂਡਸਾ)-ਐਸ. ਐਮ. ਓ. ਡਾ. ਨੀਨਾ ਸ਼ਾਂਤ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ 'ਬੇਟੀ ਬਚਾਓ ਬੇਟੀ ਪੜ੍ਹਾਓ' ਪ੍ਰੋਗਰਾਮ ਕੀਤਾ | ਪ੍ਰੋਗਰਾਮ 'ਚ ਐਸ. ਐਮ. ਓ. ਵਲੋਂ ਧੀਆਂ ਦੀਆਂ ਮਾਵਾਂ ਨੂੰ ਬੇਬੀ ਕੇਅਰ ਕਿੱਟਾਂ ਵੰਡੀਆਂ | ਪ੍ਰੋਗਰਾਮ ਦੌਰਾਨ, ਉਨ੍ਹਾਂ ਨੇ ਬੱਚੀਆਂ ਦੀ ਕਦਰ ਕਰਨ ਤੇ ਬਾਲੜੀ ਸੁਰਕਸ਼ਾ ਦੀ ਮਹੱਤਤਾ 'ਤੇ ਚਾਨਣਾ ਪਾਇਆ ਅਤੇ ਪਰਿਵਾਰਾਂ ਨੂੰ ਸਹੀ ਪੋਸ਼ਣ, ਗੁਣਵੱਤਾ ਵਾਲੀ ਸਿੱਖਿਆ, ਚੰਗੀ ਸਿਹਤ ਸੰਭਾਲ, ਸਮਾਜਿਕ ਸਸ਼ਕਤੀਕਰਨ ਅਤੇ ਕੁੜੀਆਂ ਲਈ ਬਰਾਬਰ ਮੌਕੇ ਦੇਣ ਨੂੰ ਯਕੀਨੀ ਬਣਾਉਣ ਲਈ ਉਤਸ਼ਾਹਿਤ ਕੀਤਾ | ਇਸ ਪਹਿਲ ਦਾ ਉਦੇਸ਼ ਧੀਆਂ ਦੇ ਅਧਿਕਾਰਾਂ ਅਤੇ ਮਾਣ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਇੱਕ ਸਕਾਰਾਤਮਕ ਸਮਾਜਿਕ ਵਾਤਾਵਰਨ ਨੂੰ ਉਤਸ਼ਾਹਿਤ ਕਰਨਾ ਸੀ ਜਿਥੇ ਹਰ ਕੁੜੀ ਆਤਮਵਿਸ਼ਵਾਸ, ਸੁਰੱਖਿਆ ਅਤੇ ਸਤਿਕਾਰ ਨਾਲ ਅੱਗੇ ਵਧ ਸਕੇ | ਪ੍ਰੋਗਰਾਮ ਦੌਰਾਨ ਨਵਜੰਮੀਆਂ ਬੱਚੀਆਂ ਆਰਤੀ ਕੁਮਾਰੀ ਦੀ ਧੀ ਅਰਮਾਂਸ਼ੀ ਕੁਮਾਰੀ, ਸੋਨੀਆ ਰਾਣੀ ਦੀ ਧੀ ਗੁਰਕੀਰਤ ਕੌਰ, ਊਸ਼ਾ ਦੀ ਬੇਟੀ ਹਰਕੀਰਤ ਕੌਰ, ਪਿ੍ਯੰਕਾ ਦੀ ਬੱਚੀ ਵਰਨੀਤਾ ਤੇ ਮੀਨਾ ਰਾਣੀ ਦੀ ਧੀ ਮਨਸੀਰਤ ਕੌਰ ਨੂੰ ਸਮਾਗਮ ਦੌਰਾਨ ਬੇਬੀ ਕੇਅਰ ਕਿੱਟਾਂ ਪ੍ਰਦਾਨ ਕੀਤੀਆਂ ਗਈਆਂ | ਇਸ ਮੌਕੇ ਏ. ਐਨ. ਐਮ. ਬਲਜਿੰਦਰ ਕੌਰ, ਹੈਲਥ ਵਰਕਰ ਅਮਨਦੀਪ ਕੁਮਾਰ ਤੇ ਸਰਬਜੀਤ, ਬੀਈਈ ਹਰਪ੍ਰੀਤ ਸਿੰਘ ਅਤੇ ਭੁਪਿੰਦਰ ਆਸ਼ਾ ਵਰਕਰ ਮੌਜੂਦ ਸਨ |