ਬੰਗਾ, 11 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਗਰਮੀ ਦੇ ਮੌਸਮ ਦੇ ਚਲਦਿਆਂ ਬਹੁਤ ਸਾਰੇ ਬੱਚੇ ਅਕਸਰ ਗਰਮੀ ਤੋਂ ਰਾਹਤ ਪਾਉਣ ਲਈ ਦਰਿਆਵਾਂ, ਨਹਿਰਾਂ ਤੇ ਡੂੰਘੇ ਪਾਣੀਆਂ ਵਿਚ ਨਹਾਉਣ ਲਈ ਚਲੇ ਜਾਂਦੇ ਹਨ | ਕੁਝ ਬੱਚੇ ਇਸ ਤਰ੍ਹਾਂ ਦੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਤੈਰਨਾ ਨਹੀਂ ਆਉਂਦਾ | ਅਕਸਰ ਅਨਹੋਣੀਆਂ ਘਟਨਾਵਾਂ ਘੱਟ ਜਾਂਦੀਆਂ ਹਨ | ਜਿਸ ਨਾਲ ਵੱਡੇ ਜਾਨੀ ਨੁਕਸਾਨ ਵਾਪਰ ਜਾਂਦੇ ਹਨ | ਇਹ ਪ੍ਰਗਟਾਵਾ ਕਰਦਿਆਂ ਆਮ ਲੋਕਾਂ ਨੂੰ ਜਾਗਰੂਕ ਕਰਨ ਹਿੱਤ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਪ੍ਰਧਾਨ ਪਰਮਜੀਤ ਸੂਰਾਪੁਰ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ. ਤੇ ਮੁੱਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ ਨੇ ਕਿਹਾ ਕਿ ਕੁਝ ਲੋਕ ਦੂਰ ਦੁਰਾਡੇ ਪਿਕਨਿਕ ਮਨਾਉਣ ਲਈ ਦਰਿਆਵਾਂ ਵਿਚ ਲਾਈਫ ਜੈਕਟਾਂ ਵਰਗੇ ਉਚਿਤ ਪ੍ਰਬੰਧਾਂ ਦੀ ਘਾਟ ਦੇ ਬਾਵਜੂਦ ਵੱਡੀ ਗਿਣਤੀ ਵਿਚ ਕਿਸ਼ਤੀਆਂ ਵਿਚ ਬੈਠ ਕੇ ਡੂੰਘੇ ਪਾਣੀਆਂ ਵਿਚ ਚਲੇ ਜਾਂਦੇ ਹਨ ਸਮਰੱਥਾ ਤੋਂ ਵੱਧ ਲੋਕਾਂ ਦੇ ਸਵਾਰ ਹੋਣ ਨਾਲ ਕਿਸ਼ਤੀ ਪਲਟ ਜਾਣ ਨਾਲ ਵੱਡੇ ਹਾਦਸੇ ਹੋਂਦ 'ਚ ਆ ਰਹੇ ਹਨ | ਇਸ ਲਈ ਆਪਣੇ ਬੱਚਿਆਂ ਨੂੰ ਅਜਿਹੀਆਂ ਥਾਵਾਂ 'ਤੇ ਜਾਣ ਤੇ ਨਹਾਉਣ ਤੋਂ ਸਖ਼ਤੀ ਨਾਲ ਵਰਜਿਆ ਜਾਵੇ |