ਨਵਾਂਸ਼ਹਿਰ, 21 ਮਈ (ਜਸਬੀਰ ਸਿੰਘ ਨੂਰਪੁਰ)-ਮਿਊਾਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਤੇ ਨਗਰ ਕੌਂਸਲ ਨਵਾਂਸ਼ਹਿਰ ਦੇ ਕਰਮਚਾਰੀਆਂ ਵਲੋਂ ਕੀਤੀ ਜਾ ਰਹੀ ਲਗਾਤਾਰ ਹੜਤਾਲ ਨੂੰ ਮੁਲਾਜ਼ਮ ਸੰਘਰਸ਼ ਕਮੇਟੀ ਵਲੋਂ ਪੰਜਾਬ ਸਰਕਾਰ ਦੇ ਦਿੱਤੇ ਭਰੋਸੇ ਕਾਰਨ ਖ਼ਤਮ ਕੀਤਾ | ਹੜਤਾਲ ਨੂੰ ਖ਼ਤਮ ਕਰਾਉਣ ਸਮੇਂ ਨਵਾਂਸ਼ਹਿਰ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਸੀਨੀਅਰ ਆਗੂ ਦਿਨੇਸ਼ ਸੂਰੀ, ਕਮਲਜੀਤ ਨਵਾਂਸ਼ਹਿਰ ਸ਼ਾਮਿਲ ਹੋਏ | ਉਨ੍ਹਾਂ ਵਲੋਂ ਮੁਲਾਜ਼ਮਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੀ ਹੜਤਾਲ ਖ਼ਤਮ ਕਰਕੇ ਮੁੜ ਕੰਮ 'ਤੇ ਆਉਣ ਦਾ ਵਾਅਦਾ ਕੀਤਾ | ਲਲਿਤ ਮੋਹਣ ਪਾਠਕ ਨੇ ਆਖਿਆ ਕਿ ਸਰਕਾਰ ਨੇ ਮੁਲਾਜ਼ਮਾਂ ਨੂੰ ਭਰੋਸਾ ਦਿੱਤਾ ਹੈ ਕਿ ਜਿਹੜੇ ਮੁਲਾਜ਼ਮ ਠੇਕੇ 'ਤੇ ਹਨ, ਉਨ੍ਹਾਂ ਨੂੰ ਕੰਟਰੈਕਟ 'ਤੇ ਕੀਤਾ ਜਾਵੇਗਾ ਅਤੇ ਜਿਹੜੇ ਕੰਟਰੈਕਟ 'ਤੇ ਰੱਖੇ ਹੋਏ ਹਨ ਉਨ੍ਹਾਂ ਨੂੰ ਪੱਕਾ ਕੀਤਾ ਜਾਵੇਗਾ | ਇਸੇ ਤਰ੍ਹਾਂ ਨਵਾਂਸ਼ਹਿਰ ਦੇ 45 ਤੋਂ ਵੱਧ ਮੁਲਾਜ਼ਮਾਂ ਨੂੰ ਸਰਕਾਰ ਵਲੋਂ ਪੱਕਾ ਕਰਨ ਦਾ ਭਰੋਸਾ ਦਿੱਤਾ ਗਿਆ | ਇਸ ਭਰੋਸੇ ਨੂੰ ਮੁੱਖ ਰੱਖਦਿਆਂ ਮੁਲਾਜ਼ਮਾਂ ਨੇ ਹੜਤਾਲ ਨੂੰ ਖ਼ਤਮ ਕੀਤਾ | ਦਿਨੇਸ਼ ਸੂਰੀ ਸੀਨੀਅਰ ਆਗੂ ਨੇ ਆਖਿਆ ਕਿ ਸਰਕਾਰ ਹਮੇਸ਼ਾ ਮੁਲਾਜ਼ਮ ਵਰਗ ਦੇ ਨਾਲ ਖੜ੍ਹੀ ਹੈ | ਮਿਊਾਸਪਲ ਕਰਮਚਾਰੀ ਸੰਗਠਨ ਦੇ ਜ਼ਿਲ੍ਹਾ ਪ੍ਰਧਾਨ ਸੰਨ੍ਹੀ ਬਘਾਨੀਆ, ਨਵਾਂਸ਼ਹਿਰ ਦੇ ਪ੍ਰਧਾਨ ਸੂਰਜ ਖੋਸਲਾ, ਚੇਅਰਮੈਨ ਦੀਪਕ ਖੋਸਲਾ ਨੇ ਆਖਿਆ ਕਿ ਉਨ੍ਹਾਂ ਦੀ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਿਸ ਦੌਰਾਨ ਸਰਕਾਰ ਨੇ ਭਰੋਸਾ ਦਿੱਤਾ ਕਿ ਕੰਟਰੈਕਟ 'ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ | ਉਹਨਾਂ ਆਖਿਆ ਕਿ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਸਾਡੀਆਂ ਮੰਗਾਂ ਨੂੰ ਪੂਰੀਆਂ ਕਰਨ ਦਾ ਭਰੋਸਾ ਦਿੱਤਾ | ਉਨ੍ਹਾਂ ਦੱਸਿਆ ਕਿ ਸਾਡੀਆਂ ਮੁੱਖ ਮੰਗਾਂ 'ਚ ਕੱਚੇ ਕਾਮੇ ਪੱਕੇ ਕਰਨ, ਘਟੋਂ-ਘੱਟ ਉਜਰਤ 40 ਹਜ਼ਾਰ ਕਰਨ ਸਮੇਤ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਰੱਖੀ ਗਈ ਸੀ | ਆਗੂਆਂ ਨੇ ਕਿਹਾ ਕਿ ਇਹ ਹੜਤਾਲ ਸਾਡਾ ਕੋਈ ਸ਼ੌਕ ਨਹੀਂ ਮਜਬੂਰੀ ਸੀ, ਕਿਉਂਕਿ ਪੰਜਾਬ ਦਾ 90 ਫ਼ੀਸਦੀ ਮੁਲਾਜ਼ਮ ਕੱਚਾ ਹੈ ਤੇ ਮਾਤਰ 10 ਹਜ਼ਾਰ ਨਿਗੂਣੀ ਤਨਖ਼ਾਹ 'ਤੇ ਕੰਮ ਕਰ ਰਿਹਾ ਹੈ | ਘੱਟ ਤਨਖ਼ਾਹ ਹੋਣ ਕਾਰਨ ਮੁਲਾਜ਼ਮਾਂ ਦਾ ਗੁਜ਼ਾਰਾ ਹੋਣਾ ਬਹੁਤ ਮੁਸ਼ਕਿਲ ਸੀ, ਉਹਨਾਂ ਆਖਿਆ ਕਿ ਸਰਕਾਰ ਨੇ ਕਾਫ਼ੀ ਮੰਗਾਂ ਮੰਨਣ ਦਾ ਭਰੋਸਾ ਦਿੱਤਾ | ਇਸ ਮੌਕੇ ਰਾਜੇਸ਼ ਕੁਮਾਰ, ਸੁੰਨੀ, ਮਾਸਟਰ ਅਸ਼ਵਨੀ, ਸਾਥੀ ਚੰਦ, ਦੇਵੀ ਚੰਦ ਆਗੂ ਵੀ ਹਾਜ਼ਰ ਸਨ |