ਨਵਾਂਸ਼ਹਿਰ, 21 ਮਈ (ਜਸਬੀਰ ਸਿੰਘ ਨੂਰਪੁਰ) - ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਗੁਲਪ੍ਰੀਤ ਸਿੰਘ ਔਲਖ ਨੇ ਪੈਟਰੋਲ ਪੰਪਾਂ ਮਾਲਕਾਂ ਅਤੇ ਐਲ.ਪੀ.ਜੀ. ਡੀਲਰਾਂ ਨਾਲ ਉੱਚ ਪੱਧਰੀ ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ. ਦੀ ਸੁਖਾਲੀ ਉਪਲਬੱਧਤਾ ਦਾ ਜਾਇਜ਼ਾ ਲਿਆ ਗਿਆ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਸਾਰੇ ਸਬੰਧਤਾਂ ਨਾਲ ਵਿਸਥਾਰ ਨਾਲ ਗੱਲਬਾਤ ਕਰਦਿਆਂ ਰਿਜ਼ਰਵ ਸਟਾਕ ਦੇ ਨਾਲ-ਨਾਲ ਰੋਜ਼ਾਨਾ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਪੈਟਰੋਲ ਪੰਪ ਅਪਰੇਟਰਾਂ ਅਤੇ ਗੈਸ ਏਜੰਸੀ ਹੋਲਡਰਾਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਸੁਚਾਰੂ, ਨਿਰਵਿਘਨ ਤੇ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਗ੍ਰਾਹਕਾਂ ਨੂੰ ਸਪਲਾਈ ਯਕੀਨੀ ਬਣਾਈ ਜਾਵੇ | ਔਲਖ ਨੇ ਦੱਸਿਆ ਕਿ ਤੇਲ ਕੰਪਨੀਆਂ ਵਲੋਂ ਪ੍ਰਾਪਤ ਤਾਜ਼ਾ ਰਿਪੋਰਟ ਅਨੁਸਾਰ ਜ਼ਿਲ੍ਹੇ ਵਿੱਚ ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਆਮ ਵਾਂਗ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ. ਦੀ ਕੋਈ ਕਮੀ ਨਹੀਂ ਹੈ | ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਵਿੱਚ ਪੈਟਰੋਲੀਅਮ ਪਦਾਰਥਾਂ ਅਤੇ ਗੈਸ ਸਿਲੰਡਰਾਂ ਦੀ ਖ਼ਰੀਦ ਨਾ ਕੀਤੀ ਜਾਵੇ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਰ ਕੇ ਖ਼ਰੀਦ ਕਰਨਾ ਅਤੇ ਬਿਨਾਂ ਵਜਾ ਜਰੂਰੀ ਚੀਜਾਂ ਦਾ ਸਟਾਕ ਕਰਨਾ ਨਕਲੀ ਕਮੀ ਨੂੰ ਬੜਾਵਾ ਦਿੰਦਾ ਹੈ ਅਤੇ ਆਮ ਸਪਲਾਈ ਚੇਨ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਲੋੜ ਅਨੁਸਾਰ ਹੀ ਪੈਟਰੋਲ, ਡੀਜ਼ਲ ਤੇ ਐਲ.ਪੀ.ਜੀ. ਦੀ ਖ਼ਰੀਦ ਕੀਤੀ ਜਾਵੇ | ਉਨ੍ਹਾਂ ਐਲ.ਪੀ.ਜੀ. ਏਜੰਸੀਆਂ ਨੂੰ ਆਪਣਾ ਪੁਰਾਣਾ ਬਕਾਇਆ ਬੈਕਲਾਗ ਤੁਰੰਤ ਖ਼ਤਮ ਕਰਨ ਅਤੇ ਗ੍ਰਾਹਕਾਂ ਨੂੰ ਸਮੇਂ ਸਿਰ ਐਲ.ਪੀ.ਜੀ.ਸਿਲੰਡਰ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ | ਉਨ੍ਹਾਂ ਡੀਲਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਲ ਨਿਯਮਤ ਰਾਬਤਾ ਰੱਖਿਆ ਜਾਵੇ ਅਤੇ ਵੰਡ ਵਿੱਚ ਮੁਕੰਮਲ ਪਾਰਦਰਸ਼ਤਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਜਰੂਰੀ ਚੀਜਾਂ ਜ਼ਿਲ੍ਹਾ ਵਾਸੀਆਂ ਨੂੰ ਸਮੇਂ ਸਿਰ ਨਿਰਵਿਘਨ ਢੰਗ ਨਾਲ ਮਿਲ ਸਕਣ |