ਨਵਾਂਸ਼ਹਿਰ, 23 ਮਈ (ਜਸਬੀਰ ਸਿੰਘ ਨੂਰਪੁਰ)-ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਤਹਿ ਕੀਤੇ ਪ੍ਰੋਗਰਾਮ ਅਧੀਨ ਜ਼ੋਨ ਨਵਾਂਸ਼ਹਿਰ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੂੰ ਮੰਗ-ਪੱਤਰ ਸੌਂਪਿਆ ਗਿਆ | ਬਲਜਿੰਦਰ ਸਿੰਘ ਸ਼ਹਿਬਾਜ਼ਪੁਰ ਨੇ ਦੱਸਿਆ ਕਿ ਇਸ ਮੰਗ-ਪੱਤਰ ਰਾਹੀਂ ਪਖੰਡੀ ਬਾਬਿਆਂ, ਤਾਂਤਰਿਕਾਂ, ਜੋਤਿਸ਼ੀਆਂ, ਪੁੱਛਾਂ ਦੇਣ ਵਾਲਿਆਂ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਤੇ ਗੁੰਮਰਾਹਕੁੰਨ ਇਸ਼ਤਿਹਾਰਬਾਜ਼ੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ | ਇਸ ਦੇ ਨਾਲ ਹੀ ਆਮ ਨਾਗਰਿਕਾਂ ਤੇ ਵਿੱਦਿਅਕ ਅਦਾਰਿਆ ਵਿਚ ਭਾਰਤੀ ਸੰਵਿਧਾਨ ਧਾਰਾ 51- ਏ (ਐੱਚ) ਤਹਿਤ ਵਿਗਿਆਨਕ ਸੋਚ ਤੇ ਇਨਸਾਨੀਅਤ ਦੀ ਭਾਵਨਾ ਦਾ ਪ੍ਰਚਾਰ ਤੇ ਪ੍ਰਸਾਰ ਅਤੇ ਦੀ ਕੇਬਲ ਟੈਲੀਵਿਜ਼ਨ ਨੈਟਵਰਕ ਰੂਲਜ਼ 1994 ਦੇ ਤਹਿਤ ਸਥਾਪਿਤ ਕੀਤੀ ਗਈ ਜ਼ਿਲ੍ਹਾ ਪੱਧਰੀ ਮੌਨਿਟਰਿੰਗ ਕਮੇਟੀ ਵਿਚ ਤਰਕਸ਼ੀਲ ਸੁਸਾਇਟੀ ਨੂੰ ਨੁਮਾਇੰਦਗੀ ਦੇਣ ਸੰਬੰਧੀ ਵੀ ਜ਼ੋਰਦਾਰ ਢੰਗ ਨਾਲ ਮੰਗ ਕੀਤੀ ਗਈ | ਡਿਪਟੀ ਕਮਿਸ਼ਨਰ ਨੇ ਬਹੁਤ ਵਧੀਆ ਢੰਗ ਨਾਲ ਗੱਲਬਾਤ ਸੁਣੀ ਤੇ ਮੰਗ ਪੱਤਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦਾ ਭਰੋਸਾ ਦਿੱਤਾ | ਇਸ ਮੌਕੇ ਤਰਕਸ਼ੀਲ ਸੁਸਾਇਟੀ ਦੇ ਸਟੇਟ ਆਗੂ ਡਾ. ਜੋਗਿੰਦਰ ਕੁੱਲੇਵਾਲ, ਜ਼ੋਨ ਜਥੇਬੰਦਕ ਮੁਖੀ ਮਾਸਟਰ ਜਗਦੀਸ਼ ਰਾਏਪੁਰ ਡੱਬਾ, ਵਿੱਤ ਮੁਖੀ ਸੁਖਵਿੰਦਰ ਗੋਗਾ ਤੇ ਮਾਨਸਿਕ ਵਿਭਾਗ ਮੁਖੀ ਇਕਾਈ ਬੰਗਾ ਤੋਂ ਸੁਖਵਿੰਦਰ ਲੰਗੇਰੀ ਹਾਜ਼ਰ ਸਨ |
ਤਰਕਸ਼ੀਲ ਸੁਸਾਇਟੀ ਜ਼ੋਨ ਨਵਾਂਸ਼ਹਿਰ ਵਲੋਂ ਤਾਂਤਰਿਕਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ
ਅਜੀਤ ਡੈਸਕ
24-05-2026