ਔੜ, 23 ਮਈ (ਗੁਰਨਾਮ ਸਿੰਘ ਸੈਣੀ)-ਹਰ ਕੋਈ ਇਹ ਗੱਲ ਮੰਨਣ ਨੂੰ ਤਿਆਰ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਰਾਹੋਂ-ਮੱਤੇਵਾੜਾ ਸੜਕ 'ਤੇ ਪ੍ਰੀਮਿਕਸ ਨਹੀ ਪਿਆ | ਪਰ ਇਹ ਗੱਲ ਸੱਚ ਹੈ ਕਿ ਲਗਪਗ 15 ਕਿਲੋਮੀਟਰ ਲੰਬੀ ਸੜਕ ਜੋ ਕਰੀਬ ਦੋ ਦਰਜਨ ਤੋਂ ਵੱਧ ਪਿੰਡਾਂ ਨੂੰ ਆਪਣੇ ਨਾਲ ਜੋੜਦੀ ਹੈ, ਪਿਛਲੇ ਕਾਫੀ ਸਾਲਾਂ ਤੋਂ ਰਾਜਨੀਤੀ ਦਾ ਸ਼ਿਕਾਰ ਹੁੰਦੀ ਆ ਰਹੀ ਹੈ | ਇਨ੍ਹਾਂ ਸਾਲਾਂ ਵਿਚ ਅਕਾਲੀ-ਭਾਜਪਾ ਤੇ ਕਾਂਗਰਸ ਪਾਰਟੀਆਂ ਦਾ ਰਾਜ ਮੁੜ-ਮੁੜ ਕੇ ਆਉਂਦਾ ਰਿਹਾ, ਪਰ ਇਸ ਸੜਕ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ | ਇਸ ਸੜਕ ਦੀ ਬਦਕਿਸਮਤੀ ਇਹ ਹੈ ਕਿ ਰਾਹੋਂ ਤੋਂ ਲੈ ਕੇ ਸਤਲੁਜ ਦਰਿਆ 'ਤੇ ਬਣੇ ਪੁਲ ਦੇ ਅੱਧ ਤੱਕ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੀ ਹੱਦ ਪੈਂਦੀ ਹੈ | ਉਸ ਤੋਂ ਅੱਗੇ ਜ਼ਿਲ੍ਹਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਇਨ੍ਹਾਂ ਦੋਵਾਂ ਜ਼ਿਲਿ੍ਹਆ ਦੇ ਵਿਧਾਨ ਸਭਾ ਹਲਕਿਆਂ ਦੀ ਬੀਤੇ ਸਮੇਂ ਤੋਂ ਲੈ ਕੇ ਹੁਣ ਤੱਕ ਵੱਖੋ-ਵੱਖ ਪਾਰਟੀਆਂ ਦੇ ਲੀਡਰ ਅਗਵਾਈ ਕਰਦੇ ਆ ਰਹੇ ਹਨ, ਜਿਸ ਕਾਰਨ ਦੋਵਾਂ ਹੀ ਸਰਕਾਰਾਂ ਵਲੋਂ ਹਮੇਸ਼ਾ ਹੀ ਇਸ ਸੜਕ ਨੂੰ ਅਣਗੋਲਿਆਂ ਕੀਤਾ ਜਾਂਦਾ ਰਿਹਾ ਹੈ | ਇਸ ਸੜਕ ਨਾਲ ਲਗਦੇ ਆਲੇ ਦੁਆਲੇ ਦੇ ਪਿੰਡ ਜਿਵੇ ਕਾਹਲੋਂ, ਬਰਨਾਲਾ ਖੁਰਦ, ਦਰੀਆਪੁਰ, ਭਾਰਟਾ ਕਲਾਂ, ਭਾਰਟਾਂ ਖੁਰਦ, ਗੜ੍ਹੀ ਭਾਰਟੀ, ਬਜੀਦਪੁਰ, ਦੁਧਾਲਾ, ਸੈਦਪੁਰ, ਤਾਜਪੁਰ, ਖੋਜੇ, ਜੁਲਾਹ ਮਾਜਰਾ, ਖੜਕੂਵਾਲ, ਫਾਂਬੜਾ, ਬੇਗੋਵਾਲ ਤੇ ਬੁਰਜ ਟਹਿਲਦਾਸ ਹੀ ਨਹੀ ਹੋਰ ਵੀ ਅਨੇਕਾਂ ਪਿੰਡ ਇਸ ਸੜਕ ਨਾਲ ਲੱਗਦੇ ਹਨ | ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਕਈ ਵਾਰ ਸਰਕਾਰੇ ਦਰਬਾਰੇ ਬੇਨਤੀਆਂ ਕੀਤੀਆਂ ਪਰ ਪਰਨਾਲਾ ਉਥੇ ਦਾ ਉਥੇ ਹੀ ਰਿਹਾ | ਇਸ ਕਰਕੇ ਰੋਜ਼ਾਨਾਂ ਆਉਣ ਜਾਣ ਵਾਲੇ ਲੋਕਾਂ ਨੂੰ ਆਪਣੇ ਜ਼ਿਲ੍ਹੇ ਨਵਾਂਸ਼ਹਿਰ ਤੇ ਨਜ਼ਦੀਕੀ ਕਸਬਾ ਰਾਹੋਂ ਆਉਣ ਜਾਣ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ | ਵਰਨਣਯੋਗ ਹੈ ਕਿ ਸਰਕਾਰ ਨੇ ਰਾਹੋਂ-ਮੱਤੇਵਾੜਾ ਪੁਲ 'ਤੇ ਕਰੋੜਾਂ ਰੁਪਏ ਖਰਚ ਕਰਕੇ ਲੋਕਾਂ ਨੂੰ ਪੁਲ ਦੀ ਸਹੂਲਤ ਤਾਂ ਦੇ ਦਿੱਤੀ ਹੈ ਪਰ ਇਸ ਸੜਕ ਵਿਚ ਪਏ ਖੱਡਿਆਂ ਕਾਰਨ ਕਈ ਰਾਹਗੀਰ ਵੀ ਹਾਦਸਿਆਂ ਦਾ ਸ਼ਿਕਾਰ ਹੋ ਕੇ ਜ਼ਖ਼ਮੀ ਹੋ ਚੁੱਕੇ ਹਨ ਪਰ ਲੋਕ ਇਸ ਪੁਲ ਦੀ ਸਹੂਲਤ ਚੰਗੀ ਤਰ੍ਹਾਂ ਪ੍ਰਾਪਤ ਨਹੀਂ ਕਰ ਪਾ ਰਹੇ | ਇਸ ਇਲਾਕੇ ਦੇ ਲੋਕਾਂ ਤੇ ਪਿੰਡਾਂ ਦੀਆਂ ਪੰਚਾਇਤਾਂ ਦੀ ਸਰਕਾਰ ਤੋਂ ਮੰਗ ਹੈ ਕਿ ਇਸ ਸੜਕ ਨੂੰ ਵਧੀਆ ਮਟੀਰੀਅਲ ਪਾ ਕੇ ਬਣਾਇਆ ਜਾਵੇ ਤਾਂ ਜੋ ਲੋਕਾਂ ਦੀ ਆਵਾਜਾਈ ਸੁਖਾਲੀ ਹੋ ਸਕੇ ਤੇ ਇਸ ਇਲਾਕੇ ਦੇ ਲੋਕ ਆਪਣੀ ਰੋਜ਼ਾਨਾ ਦੀ ਖਰੀਦੋ ਫਰੋਖਤ ਲਈ ਇਸ ਨਵੇਂ ਬਣੇ ਪੁੱਲ ਦਾ ਲਾਭ ਉਠਾ ਕੇ ਲੁਧਿਆਣਾ-ਰਾਹੋਂ ਤੱਕ ਅਸਾਨੀ ਨਾਲ ਆ ਜਾ ਸਕਣ |
ਪੰਜਾਬ ਸਰਕਾਰ ਦੇ ਵਾਅਦਿਆਂ ਦੀ ਨਿਕਲੀ ਫੂਕ, ਵਿਕਾਸ ਨੂੰ ਬਿਆਨ ਕਰਦੀ ਰਾਹੋਂ-ਮੱਤੇਵਾੜਾ ਸੜਕ
ਅਜੀਤ ਡੈਸਕ
24-05-2026