ਨਵਾਂਸ਼ਹਿਰ, 23 ਮਈ (ਦੀਦਾਰ ਸਿੰਘ ਸ਼ੇਤਰਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਬੈਂਕਾਂ ਤੇ ਏ. ਟੀ. ਐਮਾਂ 'ਚ ਨਕਦੀ (ਕਰੰਸੀ) ਦੀ ਭਾਰੀ ਤੋਟ ਕਾਰਨ ਆਮ ਲੋਕਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ | ਜ਼ਿਲ੍ਹੇ ਦੇ ਕਈ ਸਰਕਾਰੀ ਤੇ ਨਿੱਜੀ ਬੈਂਕਾਂ ਵਿਚ ਦਿਨਾਂ ਤੋਂ ਨਕਦੀ ਉਪਲਬਧ ਨਹੀਂ ਹੈ | ਬਹੁਤ ਸਾਰੇ ਏ. ਟੀ. ਐਮ. ਖਾਲੀ ਪਏ ਹਨ ਜਾਂ ਕੈਸ਼ ਨਾਟ ਅਵੇਲੇਬਲ ਦਾ ਸੁਨੇਹਾ ਦਿਖਾ ਰਹੇ ਹਨ | ਹੈਰਾਨੀਜਨਕ ਗੱਲ ਇਹ ਹੈ ਕਿ ਡਾਕਖਾਨਿਆਂ ਵਿਚ ਵੀ ਨਕਦੀ ਦੀ ਕਮੀ ਕਾਰਨ ਪੈਨਸ਼ਨਰਾਂ, ਮਜ਼ਦੂਰਾਂ, ਕਿਸਾਨਾਂ ਤੇ ਰੋਜ਼ਾਨਾ ਖ਼ਰਚਾਂ ਲਈ ਨਕਦ 'ਤੇ ਨਿਰਭਰ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਗੰਭੀਰ ਸਥਿਤੀ 'ਤੇ ਭਾਰਤੀ ਕਮਿਉਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਨੇ ਤਿੱਖੀ ਚਿੰਤਾ ਜ਼ਾਹਰ ਕਰਦਿਆਂ ਇਸ ਨੂੰ ਕੇਂਦਰੀ ਸਰਕਾਰ ਤੇ ਭਾਰਤੀ ਰਿਜ਼ਰਵ ਬੈਂਕ ਦੀ ਨਾਕਾਮੀ ਕਰਾਰ ਦਿੱਤਾ ਹੈ | ਪਾਰਟੀ ਦੇ ਆਗੂਆਂ ਕੁਲਵਿੰਦਰ ਸਿੰਘ ਵੜੈਚ ਤੇ ਦਲਜੀਤ ਸਿੰਘ ਐਡਵੋਕੇਟ ਨੇ ਕਿਹਾ ਕਿ ਇਹ ਨਕਦੀ ਸੰਕਟ ਕਿਸੇ ਤਕਨੀਕੀ ਖਾਮੀ ਦਾ ਨਤੀਜਾ ਨਹੀਂ, ਸਗੋਂ ਸਰਕਾਰ ਦੀ ਸੋਚੀ-ਸਮਝੀ ਨੀਤੀ ਦਾ ਅੰਗ ਹੈ | ਉਨ੍ਹਾਂ ਨੇ ਮੰਗ ਕੀਤੀ ਕਿ ਆਰ. ਬੀ. ਆਈ. ਚੰਡੀਗੜ੍ਹ ਰਿਜ਼ਨਲ ਦਫ਼ਤਰ ਤੁਰੰਤ ਦਖ਼ਲ ਦੇ ਕੇ ਜ਼ਿਲ੍ਹੇ ਦੀਆਂ ਸਾਰੀਆਂ ਬੈਂਕ ਸ਼ਾਖਾਵਾਂ ਤੇ ਏ. ਟੀ. ਐਮਾਂ 'ਚ ਨਕਦੀ ਦੀ ਸਪਲਾਈ ਯਕੀਨੀ ਬਣਾਵੇ | ਨਾਲ ਹੀ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਨੂੰ ਅਪੀਲ ਕੀਤੀ ਕਿ ਲੋਕਾਂ ਦੀਆਂ ਰੋਜ਼ਾਨਾ ਮੁਸ਼ਕਿਲਾਂ ਵੱਲ ਗੰਭੀਰ ਧਿਆਨ ਦਿੱਤਾ ਜਾਵੇ ਅਤੇ ਬੈਂਕ ਪ੍ਰਬੰਧਨ ਨਾਲ ਤਾਲਮੇਲ ਬਣਾ ਕੇ ਇਸ ਸੰਕਟ ਦਾ ਤੁਰੰਤ ਹੱਲ ਕੱਢਿਆ ਜਾਵੇ | ਅੰਤ ਵਿਚ ਪਾਰਟੀ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਨਕਦੀ ਸੰਕਟ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਲੋਕਾਂ ਵਿਚ ਬੇਚੈਨੀ ਹੋਰ ਵਧੇਗੀ ਅਤੇ ਉਨ੍ਹਾਂ ਕਿਹਾ ਕਿ ਲੋਕਾਂ ਦੀ ਮਿਹਨਤ ਦੀ ਕਮਾਈ ਤੱਕ ਪਹੁੰਚ ਰੋਕਣਾ ਕਿਸੇ ਵੀ ਹਾਲਤ ਵਿਚ ਕਬੂਲਯੋਗ ਨਹੀਂ ਤੇ ਇਸ ਖ਼ਿਲਾਫ਼ ਜਥੇਬੰਦ ਸੰਘਰਸ਼ ਕੀਤਾ ਜਾਵੇਗਾ |