ਬਲਾਚੌਰ, 24 ਮਈ (ਦੀਦਾਰ ਸਿੰਘ ਬਲਾਚੌਰੀਆ/ਨਰੇਸ਼ ਧੌਲ)-ਪੁਲਿਸ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਕਥਿਤ ਦੋਸ਼ੀਆਂ ਨੂੰ 24 ਘੰਟਿਆਂ ਅੰਦਰ ਹੀ ਗਿ੍ਫ਼ਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਡੀ. ਐਸ. ਪੀ. ਬਲਾਚੌਰ ਹੇਮੰਤ ਮਲਹੋਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਚੌਰ ਦੇ ਪਿੰਡ ਕੰਗਣਾਂ ਬੇਟ ਦੇ ਵਾਸੀ ਸੁਰਿੰਦਰ ਕੁਮਾਰ ਜਿਸ ਦੇ ਘਰ ਵਿਚ 22 ਮਈ ਨੂੰ ਦੁਪਹਿਰ ਕਰੀਬ ਸਾਢੇ ਤਿੰਨ ਕੁ ਵਜੇ ਅਣਪਛਾਤੇ ਵਿਅਕਤੀਆਂ ਵਲੋਂ ਗਹਿਣੇ ਅਤੇ ਨਕਦੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ | ਇਸ ਸੰਬੰਧੀ ਸ਼ਿਕਾਇਤਕਰਤਾ ਸੁਰਿੰਦਰ ਕੁਮਾਰ ਦੇ ਬਿਆਨਾਂ ਦੇ ਅਧਾਰ 'ਤੇ ਸਿਟੀ ਬਲਾਚੌਰ ਵਿਖੇ ਮਾਮਲਾ ਦਰਜ ਕਰਕੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਮੁੱਖ ਅਫ਼ਸਰ ਇੰਸਪੈਕਟਰ ਕਮਲ ਤਨੇਜਾ ਤੇ ਏ. ਐਸ. ਆਈ. ਨਰੇਸ਼ ਕੁਮਾਰ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਕਥਿਤ ਦੋਸ਼ੀਆਂ ਨੂੰ 24 ਘੰਟਿਆਂ ਵਿਚ ਹੀ ਟਰੇਸ ਕਰਕੇ ਗਿ੍ਫ਼ਤਾਰ ਕਰ ਲਿਆ | ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਮਨੀਸ਼ ਕੁਮਾਰ ਉਰਫ਼ ਮਨੀ ਵਾਸੀ ਕੰਗਣਾ ਬੇਟ ਤੇ ਸਾਹਿਲ ਵਾਸੀ ਖ਼ੋਜਾ ਬੇਟ ਥਾਣਾ ਬਲਾਚੌਰ ਵਜੋਂ ਹੋਈ ਹੈ | ਫੜੇ ਗਏ ਦੋਸ਼ੀਆਂ ਕੋਲੋਂ ਚੋਰੀ ਕੀਤੇ ਗਏ ਗਹਿਣਿਆਂ 'ਚੋਂ 2 ਚਾਂਦੀ ਦੀਆਂ ਚੂੜੀਆਂ, ਇਕ ਜੋੜਾ ਚਾਂਦੀ ਦੀਆਂ ਪੰਜੇਬਾਂ ਤੇ ਤਿੰਨ ਚਾਂਦੀ ਦੀਆਂ ਮੁੰਦਰੀਆਂ ਬਰਾਮਦ ਕੀਤੀਆਂ ਗਈਆਂ ਹਨ | ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ | ਚੋਰੀ ਕੀਤੇ ਗਏ ਬਾਕੀ ਗਹਿਣਿਆਂ ਤੇ ਨਕਦੀ ਦੀ ਬਰਾਮਦਗੀ ਹੋਣ ਦੀ ਉਮੀਦ ਹੈ |
ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਿਆਂ ਨੂੰ 24 ਘੰਟਿਆਂ 'ਚ ਕੀਤਾ ਗਿ੍ਫ਼ਤਾਰ
ਅਜੀਤ ਡੈਸਕ
25-05-2026