ਰੱਤੇਵਾਲ, 24 ਮਈ (ਅਸ਼ੋਕ ਕੁਮਾਰ ਲੀਲ)-ਪਿੰਡ ਜੰਡੀ ਵਿਚ ਵਿਕਾਸ ਦੇ ਕੰਮ ਬਹੁਤ ਤੇਜ਼ੀ ਨਾਲ ਹੋ ਰਹੇ ਹਨ ਅਤੇ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦਾ ਸੰਪੂਰਨ ਸਹਿਯੋਗ ਪ੍ਰਾਪਤ ਹੋ ਰਿਹਾ ਹੈ | ਇਹ ਪ੍ਰਗਟਾਵਾ ਕਰਦੇ ਹੋਏ ਸਰਪੰਚ ਗੁਰਚੈਨ ਸਿੰਘ ਜੰਡੀ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿੰਡਾਂ ਦੀ ਨੁਹਾਰ ਬਦਲਣ ਲਈ ਗਰਾਂਟਾਂ ਦੇ ਗੱਫੇ ਦਿੱਤੇ ਜਾ ਰਹੇ ਹਨ | ਜਿਸ ਤਹਿਤ ਸਾਡੇ ਪਿੰਡ ਨੂੰ ਵੀ ਹਲਕਾ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਵਲੋਂ ਦਿੱਤੀ ਗ੍ਰਾਂਟ ਨਾਲ ਸ਼ੀਤਲਾ ਮਾਤਾ ਦੇ ਮੰਦਿਰ ਤੋਂ ਸਕੂਲ ਤੱਕ ਤੇ ਸ਼ਮਸ਼ਾਨਘਾਟ ਵਾਲੀ ਗਲੀ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ | ਇਨ੍ਹਾਂ ਦੋਵਾਂ ਗਲੀਆਂ ਵਿਚ ਪਾਈਪ ਲਾਈਨ ਪਾਉਣ ਉਪਰੰਤ ਇਹ ਦੋਨੋਂ ਗਲੀਆਂ ਕੰਕਰੀਟ ਦੀਆਂ ਬਣਾ ਕੇ ਲੋਕ ਅਰਪਣ ਕੀਤੀਆਂ ਜਾਣਗੀਆਂ | ਇਨ੍ਹਾਂ ਦੀ ਹਾਲਾਤ ਇੰਨੀ ਖਸਤਾ ਸੀ ਕਿ ਇਨ੍ਹਾਂ ਵਿਚੋਂ ਲੰਘਣਾ ਵੀ ਮੁਸ਼ਕਿਲ ਸੀ | ਸਰਪੰਚ ਨੇ ਦੱਸਿਆ ਕਿ ਹਲਕਾ ਵਿਧਾਇਕਾ ਵਲੋਂ ਉਨ੍ਹਾਂ ਨੂੰ ਵਿਸਵਾਸ ਦਿੱਤਾ ਗਿਆ ਹੈ ਕਿ ਵਿਕਾਸ ਦੇ ਜੋ ਵੀ ਕੰਮ ਰਹਿੰਦੇ ਹਨ, ਉਨ੍ਹਾਂ ਨੂੰ ਪਹਿਲ ਦੇ ਅਧਾਰ 'ਤੇ ਕੀਤਾ ਜਾਵੇਗਾ ਤੇ ਜਲਦ ਹੀ ਹੋਰ ਗਲੀਆਂ ਨਾਲੀਆਂ ਦਾ ਕੰਮ ਵੀ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਸਰਪੰਚ ਗੁਰਚੈਨ ਸਿੰਘ ਦੇ ਨਾਲ ਗੁਰਮੇਲ ਸਿੰਘ, ਬਲਾਕ ਸੰਮਤੀ ਚੇਅਰਮੈਨ ਨਾਨਕ ਸਿੰਘ ਜੰਡੀ, ਸੁਖਵੀਰ ਸਿੰਘ ਨਾਮਧਾਰੀ ਤੇ ਕੁਲਦੀਪ ਮਾਸਟਰ ਆਦਿ ਮੌਜੂਦ ਸਨ |