ਬੰਗਾ, 24 ਮਈ (ਧਰਮਵੀਰ ਪਾਲ)-ਇੰਟਰਨੈਸ਼ਨਲ ਪ੍ਰਧਾਨ ਏ. ਪੀ. ਸਿੰਘ ਦੀਆਂ ਹਦਾਇਤਾਂ ਤੇ ਕਲੱਬ ਐੱਡਮਨਿਸਟ੍ਰੇਸ਼ਨ ਧੀਰਜ ਕੁਮਾਰ ਮੱਕੜ ਅਮਰੀਕਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਲੱਬ ਪ੍ਰਧਾਨ ਮੀਨੂੰ ਭੁੱਟਾ ਦੀ ਅਗਵਾਈ ਹੇਠ ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਕਲੱਬ ਮੈਂਬਰਾਂ ਦੀ ਹਾਜ਼ਰੀ 'ਚ ਕਲੱਬ ਡਾਇਬਟੀਜ਼ ਚੇਅਰਮੈਨ ਅਮਰਜੀਤ ਸਿੰਘ ਨਾਗਰਾ ਦੇ ਸਹਿਯੋਗ ਨਾਲ 7ਵਾਂ ਬਲੱਡ ਸ਼ੂਗਰ ਜਾਂਚ ਕੈਂਪ ਪਾਲ ਲੈਬੋਰੇਟਰੀ ਬੰਗਾ ਵਿਖੇ ਲਗਾਇਆ | ਡਾਇਬਟੀਜ਼ ਚੇਅਰਮੇਨ ਅਮਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਕੁਲ 79 ਮਰੀਜ਼ਾਂ ਦੀ ਸ਼ੂਗਰ ਟੈਸਟ ਕੀਤੀ ਗਈ, ਜਿਸ ਵਿਚ 17 ਮਰੀਜ਼ਾਂ ਦੀ ਸ਼ੂਗਰ ਦੀ ਬੀਮਾਰੀ ਸਾਹਮਣੇ ਆਈ ਅਤੇ ਉਨ੍ਹਾਂ ਨੂੰ ਸਪੈਸ਼ਲਿਸਟ ਡਾਕਟਰ ਕੋਲ ਇਲਾਜ ਕਰਵਾਉਣ ਅਤੇ ਪ੍ਰਹੇਜ਼ ਕਰਨ ਅਤੇ ਕਸਰਤ ਕਰਨ ਲਈ ਕਿਹਾ ਗਿਆ | ਪ੍ਰਧਾਨ ਮੀਨੂੰ ਭੁੱਟਾ ਨੇ ਕਿਹਾ ਕਿ ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਲਗਾਇਆ ਸ਼ੂਗਰ ਜਾਂਚ ਕੈਂਪ ਇਕ ਸ਼ਲਾਘਾਯੋਗ ਕਾਰਜ ਹੈ | ਦੇਸ਼ ਅੰਦਰ ਹਰ ਸਾਲ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ 'ਚ ਭਾਰੀ ਮਾਤਰਾ ਵਿਚ ਵਾਧਾ ਹੋ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ | ਇਸ ਮੌਕੇ ਕਲੱਬ ਪ੍ਰਧਾਨ ਮੀਨੂੰ ਭੁੱਟਾ ਨੇ ਦੱਸਿਆ ਕਿ ਇਹ ਪ੍ਰਾਜੈਕਟ ਉਨ੍ਹਾਂ ਦੇ ਕਲੱਬ ਦਾ 7ਵਾਂ ਪ੍ਰਾਜੈਕਟ ਹੈ ਤੇ ਆਉਣ ਵਾਲੇ ਦਿਨਾਂ 'ਚ ਕਲੱਬ ਵਲੋਂ ਵੱਧ ਤੋਂ ਵੱਧ ਪ੍ਰਾਜੈਕਟ ਲਗਾਏ ਜਾਣਗੇ | ਇਸ ਮੌਕੇ ਕਲੱਬ ਪ੍ਰਧਾਨ ਮੀਨੂੰ ਭੁੱਟਾ ਦੇ ਨਾਲ ਲਾਇਨਜ਼ ਕਲੱਬ ਬੰਗਾ ਸਿਮਰਨ ਸਮੂਹ ਮੈਂਬਰ ਹਾਜ਼ਰ ਸਨ |