ਬਲਾਚੌਰ, 24 ਮਈ (ਨਰੇਸ਼ ਧੌਲ)-ਪਿਛਲੇ ਤਿੰਨ ਸਾਲਾਂ ਤੋਂ ਹਰ ਤਰ੍ਹਾਂ ਦੀਆਂ ਵਿਭਾਗੀ ਸ਼ਰਤਾਂ ਪੂਰੀਆਂ ਕਰਕੇ ਸਿੱਖਿਆ ਵਿਭਾਗ ਵਿਚ ਰੈਗੂਲਰ ਸੇਵਾਵਾਂ ਨਿਭਾਅ ਰਹੇ 4161 ਮਾਸਟਰ ਕਾਡਰ ਅਧਿਆਪਕਾਂ 'ਚੋਂ 253 ਅਧਿਆਪਕਾਂ ਨੂੰ ਟਰਮੀਨੇਸ਼ਨ ਸੰਬੰਧੀ ਸ਼ੋਕਾਜ ਨੋਟਿਸ ਦੇਣ ਦੇ ਖ਼ਿਲਾਫ਼ ਪੀੜਤ ਅਧਿਆਪਕਾਂ ਤੇ ਵੱਖ-ਵੱਖ ਜਥੇਬੰਦੀਆਂ ਵਲੋਂ ਸਾਂਝੇ ਤੌਰ 'ਤੇ ਵਿਧਾਨ ਸਭਾ ਹਲਕਾ ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਟਰਮੀਨੇਸ਼ਨ ਸੰਬੰਧੀ ਸ਼ੋਕਾਜ ਨੋਟਿਸਾਂ ਨੂੰ ਰੱਦ ਕਰਨ ਲਈ ਮੰਗ-ਪੱਤਰ ਭੇਜਿਆ ਗਿਆ | ਪ੍ਰਭਾਵਿਤ ਅਧਿਆਪਕਾਂ ਵਲੋਂ ਇਹ ਵੀ ਕਿਹਾ ਗਿਆ ਕਿ ਜੇਕਰ ਸਰਕਾਰ ਦੁਆਰਾ ਕੋਈ ਵਾਜਬ ਹੱਲ ਨਹੀਂ ਕੀਤਾ ਜਾਂਦਾ ਤਾਂ ਅਸੀਂ ਵੱਡੇ ਪੱਧਰ 'ਤੇ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ | ਇਸ ਮੌਕੇ 253 ਅਧਿਆਪਕਾਂ ਦੀ ਬਣਾਈ ਗਈ ਕਾਰਜਕਾਰੀ ਕਮੇਟੀ ਦੇ ਮੈਂਬਰ ਬਲਜਿੰਦਰ ਸਿੰਘ ਤੇ ਸਾਥੀ ਅਧਿਆਪਕ ਰਾਜੂ ਸਿੰਘ, ਬਲਵਿੰਦਰ ਸਿੰਘ, ਅੰਕੁਰ ਪੁੰਦੀਰ, ਮਨਪ੍ਰੀਤ ਕੌਰ, ਦਿਵਿਆ ਅਤੇ ਭਰਾਤਰੀ ਜਥੇਬੰਦੀ ਡੀ. ਟੀ. ਐਫ. ਯੂਨੀਅਨ ਵਲੋਂ ਚੰਦਰ ਸ਼ੇਖਰ, ਭੁਪਿੰਦਰ ਸੁਧਾਰ, ਸਤਨਾਮ ਮੀਰਪੁਰ, ਮਨਜੀਤ ਬਲਾਚੌਰੀਆ, ਜਸ਼ਨਦੀਪ ਸਿੰਘ, ਨਰਿੰਦਰ ਸਿੰਘ ਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |