ਨਵਾਂਸ਼ਹਿਰ, 25 ਮਈ (ਹਰਮਿੰਦਰ ਸਿੰਘ ਪਿੰਟੂ)-ਸੰਜੀਵ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼ਹੀਦ ਭਗਤ ਸਿੰਘ ਨਗਰ ਨੇ ਪਿੰਡ ਸਿੰਬਲ ਮਜਾਰਾ ਨਿਵਾਸੀ ਕਾਬਲ ਰਾਮ ਪੁੱਤਰ ਸੰਤ ਰਾਮ ਨੂੰ ਆਈ-ਕਾਰਡ ਦਿੱਤਾ | ਇਸ ਮੌਕੇ ਸੰਜੀਵ ਸ਼ਰਮਾ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਿ੍ਤਕ ਦੇਹ ਨੂੰ ਅਗਨੀ ਭੇਟ ਕਰਨ ਦੀ ਬਜਾਏ ਜੇਕਰ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤਾ ਜਾਵੇ ਤਾਂ ਇਹ ਡਾਕਟਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ | ਸੰਜੀਵ ਸ਼ਰਮਾ ਨੇ ਇਸ ਸੇਵਾ ਕਾਰਜ 'ਚ ਸਹਿਯੋਗ ਦੇਣ ਵਾਲੇ ਸਰੀਰ ਦਾਨੀ ਸੱਜਣਾਂ ਤੇ ਦੋਆਬਾ ਸੇਵਾ ਸੰਮਤੀ ਦੇ ਮੈਂਬਰਾਂ ਦਾ ਦੇਸ਼ ਦੀ ਸੇਵਾ 'ਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ | ਇਸ ਮੌਕੇ ਦੋਆਬਾ ਸੇਵਾ ਸੰਮਤੀ ਤੋਂ ਰਤਨ ਕੁਮਾਰ ਜੈਨ, ਮਾਸਟਰ ਹੁਸਨ ਲਾਲ ਤੇ ਹੋਰ ਮੈਂਬਰਾਂ ਨੇ ਸੰਮਤੀ ਵਲੋਂ ਕੀਤੇ ਜਾ ਰਹੇ ਸੇਵਾ ਕਾਰਜਾਂ ਬਾਰੇ ਜਾਣਕਾਰੀ ਦਿੱਤੀ | ਇਸ ਮੌਕੇ ਦੋਆਬਾ ਸੇਵਾ ਸੰਮਤੀ ਨੇ ਦੱਸਿਆ ਕਿ ਮਰਨ ਉਪਰੰਤ ਸਰੀਰ ਦਾਨ ਕਰਨ ਦੇ ਚਾਹਵਾਨਾਂ ਦੇ ਫਾਰਮ ਭਰ ਕੇ ਮੈਡੀਕਲ ਕਾਲਜ ਵਿਖੇ ਭੇਜੇ ਜਾਂਦੇ ਹਨ, ਜਿਥੋਂ ਉਨ੍ਹਾਂ ਦੇ ਆਈ-ਕਾਰਡ ਬਣਾਏ ਜਾਂਦੇ ਹਨ | ਉਨ੍ਹਾਂ ਦੱਸਿਆ ਕਿ ਅੱਜ 147ਵੇਂ ਸਰੀਰ ਦਾਨੀ ਨੂੰ ਆਈ-ਕਾਰਡ ਦਿੱਤਾ ਗਿਆ | ਇਸ ਮੌਕੇ ਦਾਨੀ ਕਾਬਲ ਰਾਮ ਨੇ ਕਿਹਾ ਕਿ ਜੇਕਰ ਮਰਨ ਤੋਂ ਬਾਅਦ ਕੋਈ ਵਿਦਿਆਰਥੀ ਉਨ੍ਹਾਂ ਦੇ ਸਰੀਰ ਤੋਂ ਸਿੱਖਿਆ ਲੈ ਕੇ ਡਾਕਟਰ ਬਣ ਕੇ ਹੋਰ ਜ਼ਿੰਦਗੀਆਂ ਬਚਾ ਲਵੇ ਤਾਂ ਉਨ੍ਹਾਂ ਦਾ ਜਨਮ ਅਤੇ ਮਰਨ ਦੋਵੇਂ ਸਫ਼ਲ ਹੁੰਦੇ ਹਨ | ਕਾਬਲ ਰਾਮ ਨੇ ਦੱਸਿਆ ਕਿ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਪਤਨੀ ਸਰੋਜ ਰਾਣੀ, ਬੇਟਾ ਜੀਵਨ ਕੁਮਾਰ, ਅਮਿਤ ਕੁਮਾਰ ਅਤੇ ਨੂੰ ਹਾਂ ਕੁਲਵਿੰਦਰ ਕੌਰ, ਪ੍ਰਤਿਭਾ ਸਰੋਏ, ਭਰਾ ਗਿਆਨ ਸਿੰਘ ਅਤੇ ਪਰਮਜੀਤ ਸਿੰਘ ਦੀ ਸਹਿਮਤੀ ਨਾਲ ਸਰੀਰ ਦਾਨ ਕਰਨ ਦਾ ਫਾਰਮ ਭਰਿਆ ਹੈ | ਇਸ ਮੌਕੇ ਦੋਆਬਾ ਸੇਵਾ ਸੰਮਤੀ ਦੇ ਸਕੱਤਰ ਰਤਨ ਕੁਮਾਰ ਜੈਨ, ਮਾਸਟਰ ਹੁਸਨ ਲਾਲ, ਅਸ਼ੋਕ ਸ਼ਰਮਾ ਸੇਵਾਮੁਕਤ ਸੁਪਰਡੈਂਟ, ਅਸ਼ੋਕ ਸ਼ਰਮਾ ਸੇਵਾ ਮੁਕਤ ਬੈਂਕ ਮੈਨੇਜਰ, ਪਰਮਜੀਤ ਸਿੰਘ ਹਾਜ਼ਰ ਸਨ |