ਉੜਾਪੜ/ਲਸਾੜਾ, 25 ਮਈ (ਲਖਵੀਰ ਸਿੰਘ ਖੁਰਦ)-ਪਿੰਡ ਬਖਲੌਰ ਦੇ ਰੋਮਾਨੀਆ ਗਏ ਇਕ ਨੌਜਵਾਨ ਦੀ ਭੇਦ ਭਰੇ ਢੰਗ ਨਾਲ ਹੋਈ ਮੌਤ ਉਪਰੰਤ ਉਸ ਦੀ ਮਿ੍ਤਕ ਦੇਹ ਦਾ ਪਿੰਡ ਪਹੁੰਚਣ 'ਤੇ ਗਮਗੀਨ ਮਾਹੌਲ 'ਚ ਸਸਕਾਰ ਕਰ ਦਿੱਤਾ | ਮਿ੍ਤਕ ਸਤੀਸ਼ (35) ਬਖਲੌਰ ਦੇ ਸਾਬਕਾ ਸਰਪੰਚ ਵਿਮਲ ਕਿਸ਼ੋਰ ਦਾ ਪੁੱਤਰ ਸੀ, ਜੋ ਅਜੇ ਮਹੀਨਾ ਕੁ ਪਹਿਲਾਂ ਹੀ ਆਪਣੇ ਘਰ ਦੀ ਗਰੀਬੀ ਖਤਮ ਕਰਨ ਤੇ ਬੱਚਿਆਂ ਦੇ ਚੰਗੇ ਭਵਿੱਖ ਲਈ ਵਿਦੇਸ਼ ਗਿਆ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ | ਇਸ ਸੰਬੰਧੀ ਮਿ੍ਤਕ ਦੇ ਪਿਤਾ ਬਿਮਲ ਕਿਸ਼ੋਰ ਨੇ ਦੱਸਿਆ ਕਿ ਉਸ ਦਾ ਪੁੱਤਰ ਪਹਿਲਾਂ ਇਥੇ ਹੀ ਟੈਕਸੀ ਚਲਾਉਣ ਦਾ ਕੰਮ ਕਰਦਾ ਸੀ ਅਤੇ 9 ਅਪ੍ਰੈਲ ਨੂੰ ਘਰੋਂ ਰੋਮਾਨੀਆ ਰੋਟੀ ਰੋਜ਼ੀ ਕਮਾਉਣ ਲਈ ਲੱਖਾਂ ਰੁਪਏ ਖਰਚ ਕਰਕੇ ਗਿਆ ਸੀ | ਸਾਨੂੰ ਇਹ ਜਾਣਕਾਰੀ ਮਿੱਲੀ ਕਿ ਕੰਪਨੀ ਨੇ ਉਸ ਨੂੰ ਕੈਂਸਲ ਕਰ ਦਿੱਤਾ ਸੀ ਅਤੇ ਇਸੇ ਪੇ੍ਰਸ਼ਾਨੀ ਨੂੰ ਉਸ ਨੇ ਆਪਣੇ ਦਿਲ 'ਤੇ ਲਾ ਲਿਆ ਅਤੇ ਖੁਦਕੁਸ਼ੀ ਕਰ ਲਈ | ਵਿਮਲ ਕਿਸ਼ੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਬਹੁਤ ਮਿਹਨਤੀ ਤੇ ਹਿੰਮਤ ਵਾਲਾ ਨੌਜਵਾਨ ਸੀ ਅਤੇ ਹਰ ਰੋਜ਼ ਹੀ ਉਸ ਦੀ ਪਰਿਵਾਰ ਨਾਲ ਫੌਨ 'ਤੇ ਗੱਲਬਾਤ ਹੁੰਦੀ ਰਹਿੰਦੀ ਸੀ | ਘਟਨਾ ਵਾਲੇ ਦਿਨ ਵੀ ਉਸ ਨੇ ਪਰਿਵਾਰ ਨਾਲ ਫੌਨ 'ਤੇ ਗੱਲਬਾਤ ਕੀਤੀ ਸੀ | ਉਸ ਨੇ ਇਥੇ ਰਹਿੰਦੇ ਏਨੀਆਂ ਤੰਗੀਆਂ ਤੁਰਸ਼ੀਆਂ ਅਤੇ ਸਰੀਰ 'ਤੇ ਆਏ ਵੱਡੇ ਦੁੱਖਾਂ ਵਿਚ ਵੀ ਕਦੇ ਹਾਰ ਨਹੀਂ ਸੀ ਮੰਨੀ | ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਉਸ ਦੀ ਮੌਤ ਦੇ ਕਾਰਨਾਂ ਉਪਰ ਯਕੀਨ ਨਹੀਂ ਹੋ ਰਿਹਾ ਅਤੇ ਉਹ ਮੰਗ ਵੀ ਕਰਦੇ ਹਨ ਕਿ ਸਾਡੇ ਪੁੱਤਰ ਦੀ ਮੌਤ ਦੇ ਅਸਲ ਕਾਰਨਾਂ ਦੀ ਜਾਂਚ ਹੋਣੀ ਚਾਹੀਦੀ ਹੈ | ਮਿ੍ਤਕ ਸ਼ਾਦੀ ਸੁਦਾ ਸੀ | ਉਹ ਆਪਣੇ ਪਿੱਛੇ ਵਿਧਵਾ ਪਤਨੀ ਤੇ ਇਕ ਛੋਟੇ ਬੱਚੇ ਸਮੇਤ ਆਪਣੇ ਮਾਤਾ-ਪਿਤਾ ਨੂੰ ਰੋਂਦੇ ਕੁਰਲਾਂਉਦੇ ਛੱਡ ਗਿਆ |