ਨਵਾਂਸ਼ਹਿਰ, 25 ਮਈ (ਜਸਬੀਰ ਸਿੰਘ ਨੂਰਪੁਰ)-ਸਥਾਨਕ ਬੰਗਾ ਰੋਡ ਨਵਾਂਸ਼ਹਿਰ ਨੇੜੇ ਅੰਬੇਡਕਰ ਚੌਕ ਵਿਖੇ ਪਿਛਲੇ ਅੱਠ-ਦਸ ਦਿਨਾਂ ਤੋਂ ਇਸ ਅੱਤ ਦੀ ਗਰਮੀ ਵਿਚ ਇਕ ਔਰਤ ਉਮਰ ਕਰੀਬ 30-35 ਸਾਲ, ਜਿਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ | ਜਿਸ ਦੇ ਇਕ ਪੈਰ 'ਚ ਕੀੜੇ ਚਲ ਰਹੇ ਸਨ | ਉਹ ਸੜਕ ਦੇ ਕਿਨਾਰੇ ਧੁੱਪੇ ਪਈ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਸੀ | ਨਜ਼ਦੀਕ ਦੇ ਦੁਕਾਨਦਾਰਾਂ ਨੇ ਇਕ ਵੀਡੀਓ ਬਣਾ ਕੇ ਮਨੁੱਖਤਾ ਦੀ ਸੇਵਾ ਸੁਸਾਇਟੀ ਲੁਧਿਆਣਾ ਨੂੰ ਭੇਜ ਦਿੱਤੀ | ਉਕਤ ਸੰਸਥਾ ਦੇ ਮੁੱਖ ਸੰਚਾਲਕ ਬਾਈ ਗੁਰਪ੍ਰੀਤ ਸਿੰਘ ਮਿੰਟੂ ਨੇ ਵੀਡਿਓ ਦੇਖਣ ਤੋਂ ਤੁਰੰਤ ਬਾਅਦ ਜ਼ਿਲ੍ਹਾ ਨਵਾਂਸ਼ਹਿਰ ਦੇ ਟੀਮ ਮੈਂਬਰ ਬਲਬੀਰ ਸਿੰਘ ਝਿੱਕਾ ਤੇ ਗੁਰਪ੍ਰੀਤ ਸਿੰਘ ਪਾਬਲਾ ਨੂੰ ਤੁਰੰਤ ਮੌਕੇ 'ਤੇ ਪਹੁੰਚਣ ਲਈ ਕਿਹਾ | ਟੀਮ ਮੈਂਬਰਾਂ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਔਰਤ ਦੇ ਹਾਲਾਤ ਬਹੁਤ ਜ਼ਿਆਦਾ ਬਦਤਰ ਸਨ | ਟੀਮ ਮੈਂਬਰਾਂ ਨੇ ਉਸ ਦੇ ਇਹ ਹਾਲਾਤ ਗੁਰਪ੍ਰੀਤ ਸਿੰਘ ਮਿੰਟੂ ਨਾਲ ਸਾਂਝੇ ਕੀਤੇ | ਉਨ੍ਹਾਂ ਨੇ ਇਸ ਤੜਫ ਰਹੀ ਔਰਤ ਨੂੰ ਜਲਦ ਸੁਪਨਿਆਂ ਦੇ ਘਰ ਪਹੁੰਚਾਉਣ ਲਈ ਕਿਹਾ | ਸ: ਝਿੱਕਾ ਤੇ ਪਾਬਲਾ ਨੇ ਤੁਰੰਤ ਐਂਬੂਲੈਂਸ ਦਾ ਪ੍ਰਬੰਧ ਕਰਕੇ ਨਜ਼ਦੀਕ ਖੜ੍ਹੀ ਮਨੁੱਖਤਾ ਨੂੰ ਪਿਆਰ ਕਰਨ ਵਾਲੀ ਇਕ ਔਰਤ ਭੈਣ ਬਲਜੀਤ ਕੌਰ ਨਵਾਂਸ਼ਹਿਰ ਅਤੇ ਕੋਲ ਦੇ ਦੁਕਾਨਦਾਰਾਂ ਦੀ ਮਦਦ ਨਾਲ ਬਹੁਤ ਹੀ ਜਦੋ ਜਹਿਦ ਕਰਕੇ ਐਬੂਲੈਂਸ 'ਚ ਬਿਠਾ ਕੇ ਸੁਪਨਿਆਂ ਦੇ ਘਰ ਲੁਧਿਆਣਾ ਵਿਖੇ ਪਹੁੰਚਾਇਆ | ਬਾਈ ਗੁਰਪ੍ਰੀਤ ਸਿੰਘ ਮਿੰਟੂ ਨੇ ਪਹੁੰਚਦਿਆਂ ਹੀ ਖੁਦ ਔਰਤ ਦੇ ਪੈਰ 'ਚੋਂ ਕੀੜੇ ਕੱਢ ਕੇ ਉਸ ਨੂੰ ਰਾਹਤ ਪਹੁੰਚਾਈ | ਇਸ਼ਨਾਨ ਕਰਾਉਣ ਉਪਰੰਤ ਬੀਬੀਆਂ ਦੇ ਵਾਰਡ ਵਿਚ ਅਗਲੇਰੇ ਇਲਾਜ ਲਈ ਦਾਖਲ ਕਰ ਦਿੱਤਾ ਗਿਆ |