21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਪਨਿਆਲੀ ਖੁਰਦ ਵਿਖੇ ਨਹਿਰੀ ਵਿਭਾਗ ਨੇ ਕਰਾਸ ਰੈਗੂਲੇਟਰ ਪ੍ਰੋਜੈਕਟ ਕੀਤਾ ਮੁਕੰਮਲ

Ad Position 21
No active advertisement
ਅਜੀਤ ਡੈਸਕ 28-05-2026
ਕਾਠਗੜ•, 27 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਇਲਾਕੇ ਦੇ ਕਿਸਾਨਾਂ ਤੇ ਆਮ ਲੋਕਾਂ ਲਈ ਇੱਕ ਬਹੁਤ ਹੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ | ਨਹਿਰੀ ਵਿਭਾਗ ਦੇ ਇਰੀਗੇਸ਼ਨ ਵਿੰਗ ਵਲੋਂ ਪਿੰਡ ਪਨਿਆਲੀ ਖੁਰਦ (ਰਾਮਗੜ੍ਹ) ਵਿਖੇ ਸ਼ੁਰੂ ਕੀਤਾ ਗਿਆ ਮਹੱਤਵਪੂਰਨ ਕਰਾਸ ਰੈਗੂਲੇਟਰ ਪ੍ਰੋਜੈਕਟ ਪੂਰੀ ਤਰ੍ਹਾਂ ਮੁਕੰਮਲ ਕਰ ਲਿਆ ਗਿਆ ਹੈ | ਪਿਛਲੇ ਲੰਮੇ ਸਮੇਂ ਤੋਂ ਇਸ ਖੇਤਰ ਦੇ ਲੋਕਾਂ ਨੂੰ ਨਹਿਰੀ ਪਾਣੀ ਦੀ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਨੂੰ ਮੁੱਖ ਰੱਖਦਿਆਂ ਵਿਭਾਗ ਵੱਲੋਂ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਸੀ | ਇਸ ਪ੍ਰੋਜੈਕਟ ਦੇ ਨਿਰਮਾਣ ਕਾਰਜ ਨੂੰ ਜੰਗੀ ਪੱਧਰ 'ਤੇ ਚਲਾਇਆ ਗਿਆ ਤਾਂ ਜੋ ਗਰਮੀ ਦੇ ਇਸ ਸੀਜ਼ਨ ਵਿੱਚ ਫਸਲਾਂ ਲਈ ਪਾਣੀ ਦੀ ਘਾਟ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ | ਵਿਭਾਗ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਖੇਤਰ ਦੇ ਲੋਕਾਂ ਦੀ ਤਕਲੀਫ਼ ਨੂੰ ਦੇਖਦਿਆਂ ਇਸ ਕੰਮ ਦੀ ਰਫ਼ਤਾਰ ਨੂੰ ਬਹੁਤ ਤੇਜ਼ ਰੱਖਿਆ ਗਿਆ ਸੀ, ਜਿਸ ਸਦਕਾ ਅੱਜ ਇਹ ਵੱਡਾ ਪ੍ਰੋਜੈਕਟ ਸਫ਼ਲਤਾਪੂਰਵਕ ਨੇਪਰੇ ਚੜ੍ਹ ਗਿਆ ਹੈ ਅਤੇ ਇਲਾਕੇ ਨੂੰ ਪਾਣੀ ਦੀ ਕਿੱਲਤ ਤੋਂ ਸਦਾ ਲਈ ਨਿਜਾਤ ਮਿਲ ਗਈ ਹੈ | ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡ੍ਰੇਨ ਵਿਭਾਗ ਦੇ ਐਸ.ਡੀ.ਓ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਅਹਿਮ ਕਾਰਜ ਨੂੰ ਸਮੇਂ ਸਿਰ ਮੁਕੰਮਲ ਕਰਨਾ ਵਿਭਾਗ ਲਈ ਇੱਕ ਵੱਡੀ ਚੁਣੌਤੀ ਸੀ | ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਦਿਨ-ਰਾਤ ਇੱਕ ਕਰਕੇ, ਬਿਨਾਂ ਰੁਕੇ ਜੰਗੀ ਪੱਧਰ 'ਤੇ ਕੰਮ ਕੀਤਾ ਗਿਆ | ਅਧਿਕਾਰੀਆਂ ਅਤੇ ਮਜ਼ਦੂਰਾਂ ਦੀ ਅਣਥੱਕ ਮਿਹਨਤ ਸਦਕਾ ਹੀ ਇਸ ਪ੍ਰੋਜੈਕਟ ਨੂੰ ਰਿਕਾਰਡ ਸਮੇਂ ਵਿੱਚ ਪੂਰਾ ਕਰਕੇ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਦੀ ਸਪਲਾਈ ਨੂੰ ਬਿਨਾਂ ਕਿਸੇ ਰੁਕਾਵਟ ਦੇ ਪਹੁੰਚਾਉਣਾ ਸੰਭਵ ਹੋ ਸਕਿਆ ਹੈ | ਉਨ੍ਹਾਂ ਭਰੋਸਾ ਦਿਵਾਇਆ ਕਿ ਵਿਭਾਗ ਭਵਿੱਖ ਵਿੱਚ ਵੀ ਕਿਸਾਨਾਂ ਨੂੰ ਪਾਣੀ ਸਬੰਧੀ ਕੋਈ ਮੁਸ਼ਕਿਲ ਨਹੀਂ ਆਉਣ ਦੇਵੇਗਾ | ਇਸ ਵੱਡੇ ਪ੍ਰੋਜੈਕਟ ਦੇ ਮੁਕੰਮਲ ਹੋਣ ਅਤੇ ਖੇਤਾਂ ਵਿੱਚ ਪਾਣੀ ਪਹੁੰਚਣ ਦੀ ਖ਼ਬਰ ਮਿਲਦਿਆਂ ਹੀ ਸਮੁੱਚੇ ਇਲਾਕੇ ਦੇ ਕਿਸਾਨਾਂ ਅਤੇ ਆਮ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਦੇ ਪੂਰਾ ਹੋਣ ਨਾਲ ਉਨ੍ਹਾਂ ਦੀਆਂ ਫਸਲਾਂ ਨੂੰ ਨਵਾਂ ਜੀਵਨ ਮਿਲਿਆ ਹੈ ਅਤੇ ਹੁਣ ਉਨ੍ਹਾਂ ਨੂੰ ਸਿੰਚਾਈ ਲਈ ਭਟਕਣਾ ਨਹੀਂ ਪਵੇਗਾ | ਖੁਸ਼ੀ ਨਾਲ ਗਦਗਦ ਹੋਏ ਇਲਾਕਾ ਨਿਵਾਸੀਆਂ ਅਤੇ ਕਿਸਾਨਾਂ ਨੇ ਇਸ ਸ਼ਲਾਘਾਯੋਗ ਕਦਮ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਨਹਿਰੀ ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਲੋਕਾਂ ਦੀ ਦਰਦ ਨੂੰ ਸਮਝਦਿਆਂ ਇਸ ਪ੍ਰੋਜੈਕਟ ਨੂੰ ਪਹਿਲ ਦੇ ਅਧਾਰ 'ਤੇ ਨੇਪਰੇ ਚਾੜਿ੍ਹਆ |
Ad Position 22
No active advertisement
ਪਿਛਲੀ ਖ਼ਬਰ ਕਾਰ ਤੇ ਟ੍ਰੈਕਟਰ-ਟਰਾਲੀ ਦੀ ਹੋਈ ਸਿੱਧੀ ਟੱਕਰ ਅਗਲੀ ਖ਼ਬਰ ਸ਼ਾਮਚੁਰਾਸੀ ਨਗਰ ਕੌਂਸਲ ਚੋਣਾਂ 'ਚ 9 ਵਾਰਡਾਂ ਲਈ 9 ਚੋਣ ਬੂਥ ਸਥਾਪਿਤ ਕੀਤੇ
Ad Position 24