ਕਾਠਗੜ੍ਹ, 27 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਅਸਮਾਨੋਂ ਵਰ੍ਹਦੀ ਅੱਗ ਅਤੇ ਹੱਡ-ਭੰਨਵੀਂ ਗਰਮੀ ਦੇ ਇਸ ਕਹਿਰ ਦਰਮਿਆਨ, ਜਿੱਥੇ ਹਰ ਕੋਈ ਆਪਣੇ ਘਰਾਂ ਅੰਦਰ ਰਹਿਣ ਨੂੰ ਤਰਜੀਹ ਦੇ ਰਿਹਾ ਹੈ, ਉੱਥੇ ਹੀ ਪਿੰਡ ਟੌਂਸਾ ਦੇ ਛੋਟੇ-ਛੋਟੇ ਬੱਚਿਆਂ ਨੇ ਇਨਸਾਨੀਅਤ ਅਤੇ ਸੇਵਾ ਦੀ ਇੱਕ ਅਜਿਹੀ ਮਿਸਾਲ ਪੇਸ਼ ਕੀਤੀ ਹੈ ਜਿਸ ਨੇ ਸਭ ਦਾ ਦਿਲ ਜਿੱਤ ਲਿਆ | ਪਿੰਡ ਦੇ ਇਨ੍ਹਾਂ ਮਾਸੂਮ ਬੱਚਿਆਂ ਦੁਆਰਾ ਆਉਣ-ਜਾਣ ਵਾਲੇ ਰਾਹਗੀਰਾਂ ਦੀ ਪਿਆਸ ਬੁਝਾਉਣ ਲਈ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ | ਦੁਪਹਿਰ ਦੀ ਤਪਦੀ ਧੁੱਪ ਵਿੱਚ ਲਗਾਈ ਗਈ ਇਸ ਛਬੀਲ ਦੌਰਾਨ ਬੱਚਿਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਨਿੱਕੇ-ਨਿੱਕੇ ਹੱਥਾਂ ਨਾਲ ਬੱਚੇ ਹਰ ਲੰਘਣ ਵਾਲੇ ਮੋਟਰਸਾਈਕਲ, ਗੱਡੀ ਅਤੇ ਪੈਦਲ ਰਾਹਗੀਰ ਨੂੰ ਰੋਕ-ਰੋਕ ਕੇ ਬੜੇ ਪਿਆਰ ਅਤੇ ਸਤਿਕਾਰ ਨਾਲ ਠੰਢਾ ਜਲ ਛਕਾ ਰਹੇ ਸਨ | ਇਸ ਭਿਆਨਕ ਗਰਮੀ ਵਿੱਚ ਸਫ਼ਰ ਕਰ ਰਹੇ ਲੋਕਾਂ ਲਈ ਇਹ ਛਬੀਲ ਕਿਸੇ ਵੱਡੀ ਰਾਹਤ ਤੋਂ ਘੱਟ ਨਹੀਂ ਸੀ | ਸੇਵਾ ਦੀ ਕੋਈ ਉਮਰ ਨਹੀਂ ਹੁੰਦੀ, ਸਿਰਫ਼ ਇੱਕ ਵੱਡਾ ਦਿਲ ਚਾਹੀਦਾ ਹੈ | ਪਿੰਡ ਟੌਂਸਾ ਦੇ ਇਨਾਂ ਬੱਚਿਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਮਾਜ ਭਲਾਈ ਅਤੇ ਸੇਵਾ ਭਾਵਨਾ ਲਈ ਉਮਰ ਨਹੀਂ, ਸਗੋਂ ਉੱਚੀ ਸੋਚ ਅਤੇ ਨੇਕ ਜਜ਼ਬੇ ਦੀ ਲੋੜ ਹੁੰਦੀ ਹੈ | ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਇਨ੍ਹਾਂ ਨਿੱਕੇ ਬੱਚਿਆਂ ਨੇ ਅੱਜ ਵੱਡਿਆਂ ਨੂੰ ਵੀ ਸੇਵਾ ਦਾ ਮਾਰਗ ਦਿਖਾਇਆ ਹੈ |