ਕਾਠਗੜ੍ਹ, 27 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਮਈ-ਜੂਨ ਦੇ ਮਹੀਨੇ ਵਿੱਚ ਪੈ ਰਹੀ ਭਿਆਨਕ ਗਰਮੀ ਅਤੇ ਅਸਮਾਨ ਵਿੱਚੋਂ ਵਰ੍ਹ ਰਹੀ ਅੱਗ ਕਾਰਨ ਜਿੱਥੇ ਆਮ ਇਨਸਾਨ ਬੇਹਾਲ ਹੈ, ਉੱਥੇ ਹੀ ਅਸਮਾਨ ਵਿੱਚ ਉੱਡਣ ਵਾਲੇ ਬੇਜ਼ੁਬਾਨ ਪੰਛੀਆਂ ਲਈ ਵੀ ਇਹ ਮੌਸਮ ਬੇਹੱਦ ਚੁਣੌਤੀ ਪੂਰਨ ਬਣ ਗਿਆ ਹੈ | ਇਸ ਸੰਕਟ ਦੇ ਸਮੇਂ ਪੰਛੀਆਂ ਦੀ ਜਾਨ ਬਚਾਉਣ ਲਈ ਦੇਸ਼ ਦੇ ਤਮਾਮ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ | ਇਹ ਸ਼ਬਦ ਸੂਰੀ ਹਸਪਤਾਲ ਭੱਦੀ ਰੋਡ ਬਲਾਚੌਰ ਦੇ ਮਾਲਕ ਡਾ. ਭੁਪਿੰਦਰਜੀਤ ਸਿੰਘ ਸੂਰੀ ਨੇ ਸਾਂਝੇ ਕੀਤੇ | ਉਹਨਾਂ ਸਮਾਜ ਸੇਵੀਆਂ, ਵਾਤਾਵਰਣ ਪ੍ਰੇਮੀਆਂ ਅਤੇ ਸਮੂਹ ਨਾਗਰਿਕਾਂ ਨੂੰ ਇੱਕ ਨਿਮਰਤਾ ਸਹਿਤ ਅਪੀਲ ਕੀਤੀ ਕਿ ਉਹ ਆਪਣੇ ਘਰਾਂ, ਕੋਠਿਆਂ, ਬਾਲਕੋਨੀਆਂ ਅਤੇ ਆਲੇ-ਦੁਆਲੇ ਖੁੱਲ੍ਹੀਆਂ ਥਾਵਾਂ 'ਤੇ ਮਿੱਟੀ ਜਾਂ ਕਿਸੇ ਹੋਰ ਭਾਂਡੇ ਵਿੱਚ ਪੰਛੀਆਂ ਦੇ ਪੀਣ ਲਈ ਸਾਫ਼ ਸੁਥਰਾ ਪਾਣੀ ਜ਼ਰੂਰ ਰੱਖਣ | ਡਾ. ਸੂਰੀ ਨੇ ਕਿਹਾ ਕਿ ਗਰਮੀ ਦੇ ਇਸ ਮੌਸਮ ਵਿੱਚ ਕੁਦਰਤੀ ਜਲ ਸਰੋਤ, ਟੋਭੇ ਅਤੇ ਨਹਿਰਾਂ ਸੁੱਕ ਜਾਂਦੀਆਂ ਹਨ, ਜਿਸ ਕਾਰਨ ਅਸਮਾਨ ਵਿੱਚ ਉੱਡਣ ਵਾਲੇ ਬੇਜ਼ੁਬਾਨ ਪੰਛੀ ਪਾਣੀ ਦੀ ਇੱਕ-ਇੱਕ ਬੂੰਦ ਲਈ ਮੀਲਾਂ ਤੱਕ ਭਟਕਦੇ ਹਨ | ਉਹਨਾਂ ਕਿਹਾ ਕਿ ਕਈ ਵਾਰ ਪਿਆਸ ਕਾਰਨ ਇਹ ਬੇਜ਼ੁਬਾਨ ਪੰਛੀ ਦਮ ਵੀ ਤੋੜ ਦਿੰਦੇ ਹਨ | ਉਹਨਾਂ ਕਿਹਾ ਕਿ ਜੇਕਰ ਛੱਤ ਉੱਪਰ ਕੋਈ ਛਾਂਦਾਰ ਦਰੱਖਤ ਹੋਣ, ਤਾਂ ਪਾਣੀ ਉੱਥੇ ਰੱਖਣਾ ਹੋਰ ਵੀ ਉੱਤਮ ਹੈ | ਉਹਨਾਂ ਕਿਹਾ ਕਿ ਇਸ ਭਿਆਨਕ ਗਰਮੀ ਵਿੱਚ ਬੇਜ਼ੁਬਾਨ ਜੀਵਾਂ ਦੀ ਪਿਆਸ ਬੁਝਾਉਣਾ ਸਭ ਤੋਂ ਵੱਡੀ ਮਨੁੱਖੀ ਸੇਵਾ ਅਤੇ ਪੁੰਨ ਦਾ ਕਾਰਜ ਹੈ | ਆਓ, ਅਸੀਂ ਸਾਰੇ ਰਲ-ਮਿਲ ਕੇ ਇਸ ਮੁਹਿੰਮ ਦਾ ਹਿੱਸਾ ਬਣੀਏ ਅਤੇ ਆਪਣੇ ਘਰ ਦੀ ਛੱਤ 'ਤੇ ਪਾਣੀ ਰੱਖਣ ਦਾ ਪ੍ਰਣ ਲਈਏ |