ਔੜ, 30 ਮਈ (ਗੁਰਨਾਮ ਸਿੰਘ ਸੈਣੀ)-ਔੜ ਵਿਖੇ ਮਹੌਲ ਉਸ ਵਕਤ ਦਹਿਸ਼ਤ ਭਰਿਆ ਬਣ ਗਿਆ ਜਦੋਂ ਭਰੇ ਬਾਜ਼ਾਰ ਵਿਚ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ | ਮੌਕੇ ਤੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਇਕ ਨੌਜਵਾਨ ਨਿਸ਼ਾਨ ਸਿੰਘ ਮੋਨੀ ਪੁੱਤਰ ਸੁਰਜੀਤ ਸਿੰਘ ਵਾਸੀ ਔੜ ਜੋ ਰਾਤ 8.35 ਵਜੇ ਦੇ ਕਰੀਬ ਬਾਬਾ ਧਰਮਗਿਰ ਮੰਦਰ ਦੇ ਨਜ਼ਦੀਕ ਗੋਲ ਗੱਪੇ ਖਾਣ ਉਪਰੰਤ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਬੱਸ ਅੱਡੇ ਵੱਲ ਜਾ ਰਿਹਾ ਸੀ ਕਿ ਜੋੜ ਸੜਕਾਂ ਵਲੋਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਏ ਜਿਨ੍ਹਾਂ ਨੇ ਲੋਈਆਂ ਨਾਲ ਮੂੰਹ ਢਕੇ ਹੋਏ ਸਨ, ਜਿਨ੍ਹਾਂ ਵਲੋਂ ਆਉਂਦਿਆਂ ਹੀ ਇਸ ਨੌਜਵਾਨ 'ਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੇ ਨਤੀਜੇ ਵਜੋਂ ਨਿਸ਼ਾਨ ਸਿੰਘ ਦੇ ਸਰੀਰ 'ਤੇ ਵੱਖ-ਵੱਖ ਹਿੱਸਿਆਂ ਤੇ ਕਰੀਬ 7 ਤੋਂ 8 ਗੋਲੀਆਂ ਲੱਗੀਆਂ ਤੇ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਕੱਠੇ ਹੋਏ ਲੋਕਾਂ ਵਲੋਂ ਤੁਰੰਤ ਨਵਾਂਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ | ਦੱਸਣਯੋਗ ਹੈ ਕਿ ਨਿਸ਼ਾਨ ਸਿੰਘ ਜੋ ਇੰਗਲੈਂਡ, ਆਸਟ੍ਰੇਲੀਆ ਤੇ ਕੈਨੇਡਾ ਦੇਸ਼ਾਂ 'ਚ ਆਉਂਦਾ ਜਾਂਦਾ ਰਹਿੰਦਾ ਸੀ, ਜਿਸ ਦੇ ਭਰਾ ਦੀ ਵੀ ਮੌਤ ਹੋ ਚੁੱਕੀ ਹੈ ਜਿਸ ਕਰਕੇ ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਜਿਸ 'ਤੇ ਕਈ ਮਹੀਨੇ ਪਹਿਲਾਂ ਵੀ ਇਕ ਜਿੰਮ ਘਰ ਵਿਖੇ ਗੋਲੀਆਂ ਚੱਲੀਆਂ ਸਨ ਪਰ ਉਸ ਵਕਤ ਉਹ ਖੁਸ਼ ਕਿਸਮਤੀ ਨਾਲ ਬਚ ਗਿਆ ਸੀ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਿ੍ਤਕ ਨੌਜਵਾਨ ਨੂੰ ਲਗਾਤਾਰ ਜਾਨੋ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਸਨ | ਵੱਡੇ ਦੁੱਖ ਦੀ ਗੱਲ ਇਹ ਵੀ ਹੈ ਕਿ ਇਹ ਨੌਜਵਾਨ ਅਜੇ ਵਿਆਹਿਆ ਵੀ ਨਹੀਂ ਸੀ, ਜਿਸ ਦੇ ਵਿਆਹ ਦੀ ਗੱਲ ਚੱਲ ਰਹੀ ਸੀ | ਇਸ ਮੌਕੇ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਪੁੱਜ ਕੇ ਛਾਣਬੀਣ ਸ਼ੁਰੂ ਕਰ ਦਿੱਤੀ, ਜਿਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰਿਆਂ ਤੇ ਹੋਰ ਸਾਧਨਾਂ ਦੀ ਮਦਦ ਨਾਲ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ | ਇਸ ਘਟਨਾ ਨਾਲ ਕਸਬੇ ਦੇ ਨਾਲ-ਨਾਲ ਇਲਾਕੇ ਵਿੱਚ ਇਸ ਘਟਨਾ ਨਾਲ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ |