ਬੰਗਾ, 2 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਪੰਜਾਬੀ ਮਿਸਟਰੈਸ ਵਜੋਂ ਲਗਪਗ 29 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਉਣ ਉਪਰੰਤ ਸ੍ਰੀਮਤੀ ਰੇਸ਼ਮ ਕੌਰ ਸੇਵਾਮੁਕਤ ਹੋ ਗਏ ਹਨ | ਇਸ ਮੌਕੇ ਸਕੂਲ ਵਿਖੇ ਇਕ ਪ੍ਰਭਾਵਸ਼ਾਲੀ ਵਿਦਾਇਗੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਉਨ੍ਹਾਂ ਦੇ ਜੀਵਨ ਸਾਥੀ ਲੈਕ: ਬਲਦੀਸ਼ ਲਾਲ ਸਮੇਤ ਹੋਰ ਪਰਿਵਾਰਕ ਮੈਂਬਰਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਦੌਰਾਨ ਸਕੂਲ ਮੁਖੀ ਜਸਵਿੰਦਰ ਕੌਰ ਨੇ ਸੇਵਾਮੁਕਤ ਹੋਏ ਮੈਡਮ ਰੇਸ਼ਮ ਕੌਰ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਇਕ ਜ਼ਿੰਮੇਵਾਰ ਤੇ ਮਿਹਨਤੀ ਅਧਿਆਪਕ ਵਜੋਂ ਆਪਣੀ ਡਿਊਟੀ ਨਿਭਾਈ ਹੈ, ਜਿਥੇ ਸਮੁੱਚੇ ਸਕੂਲ ਸਟਾਫ਼ ਤੇ ਵਿਦਿਆਰਥੀਆਂ ਵਲੋਂ ਪੰਜਾਬੀ ਮਿਸਟਰੈਸ ਰੇਸ਼ਮ ਕੌਰ ਦੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਗਈ, ਉਥੇ ਹੀ ਉਨ੍ਹਾਂ ਦੇ ਜੀਵਨ ਸਾਥੀ ਬਲਦੀਸ਼ ਲਾਲ ਨੇ ਵੀ ਉਨ੍ਹਾਂ ਦੀ ਸ਼ਖ਼ਸੀਅਤ ਦੀ ਤਰੀਫ਼ ਕੀਤੀ | ਸਾਰੇ ਸਕੂਲ ਪਰਿਵਾਰ ਵਲੋਂ ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਨਿੱਘੀ ਵਿਦਾਇਗੀ ਦਿੱਤੀ ਗਈ | ਵੱਖ-ਵੱਖ ਬੁਲਾਰਿਆਂ ਨੇ ਉਨ੍ਹਾਂ ਦੀ ਚੰਗੀ ਸਿਹਤ ਤੇ ਖੁਸ਼ਹਾਲ ਭਵਿੱਖ ਲਈ ਸ਼ੁੱਭਕਾਮਨਾਵਾਂ ਭੇਟ ਕੀਤੀਆਂ | ਇਸ ਮੌਕੇ ਮੈਡਮ ਰੇਸ਼ਮ ਕੌਰ ਵਲੋਂ ਸਕੂਲ ਦੀ ਭਲਾਈ ਲਈ ਪੰਦਰਾਂ ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ, ਜਿਸ ਲਈ ਸਕੂਲ ਇੰਚਾਰਜ ਤੇ ਸਮੂਹ ਸਟਾਫ਼ ਨੇ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ |