ਮਜਾਰੀ/ਸਾਹਿਬਾ, 2 ਜੂਨ (ਨਿਰਮਲਜੀਤ ਸਿੰਘ ਚਾਹਲ)-ਪੁਰਾਤਨ ਖੇਡਾਂ ਜਿਥੇ ਮਨੁੱਖ ਨੂੰ ਸਿਹਤਯਾਬ ਰੱਖਣ ਵਿਚ ਸਹਿਯੋਗੀ ਹਨ ਉਥੇ ਖਿਡਾਰੀ ਖੇਡਾਂ ਖੇਡ ਕੇ ਸਰਬੱਤ ਦਾ ਭਲਾ ਮੰਗਣ ਦੇ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਹਨ ਤੇ ਇਹ ਖੇਡਾਂ ਖਿਡਾਰੀਆਂ ਦੀ ਰੋਜ਼ੀ-ਰੋਟੀ ਦਾ ਸਬੱਬ ਵੀ ਬਣਦੀਆਂ ਹਨ | ਉਨ੍ਹਾਂ 'ਚੋਂ ਹੀ ਹੈ ਇਕ ਬਾਜ਼ੀਗਰ ਭਾਈਚਾਰਾ ਜਿਨ੍ਹਾਂ ਨੇ ਅੱਜ ਵੀ ਆਪਣੇ ਪਿਤਾ ਪੁਰਖੀ ਖੇਡਾਂ ਨੂੰ ਸਾਂਭਿਆ ਹੋਇਆ ਹੈ | ਪਿੰਡ ਬਕਾਪੁਰ ਵਿਖੇ ਸਮੂਹ ਨਗਰ ਵਲੋਂ ਜਾਨ-ਮਾਲ ਤੇ ਪਸ਼ੂਆਂ ਦੀ ਸੁੱਖ-ਸਾਂਦ ਵਾਸਤੇ ਬਾਜ਼ੀ ਪਵਾਈ ਗਈ | ਜਿਸ ਵਿਚ ਨੌਜਵਾਨ ਬਾਜ਼ੀਗਰਾਂ ਨੇ ਵੱਖ-ਵੱਖ ਖੇਡਾਂ ਖੇਡ ਕੇ ਆਪਣੀ ਜਾਨ ਜੋਖ਼ਮ 'ਚ ਪਾ ਕੇ ਲੋਕਾਂ ਦਾ ਮਨੋਰੰਜਨ ਕੀਤਾ, ਜਿਸ ਵਿਚ ਇਕ ਛੋਟੇ ਕੜੇ 'ਚੋਂ ਤਿੰਨ ਬੰਦਿਆਂ ਦਾ ਲੰਘਣਾ, ਗਰਦਨ ਨਾਲ ਸਰੀਆ ਮੋੜਨਾ, ਅੱਗ ਲਗਾ ਕੇ ਕੜੇ 'ਚੋਂ ਲੰਘਣਾ ਤੇ ਉੱਚੀ ਛਾਲ ਲਗਾਉਣੀ ਤੇ ਹੋਰ ਖੇਡਾਂ ਦਾ ਪ੍ਰਦਰਸ਼ਨ ਕੀਤਾ | ਪਿੰਡ ਦੀ ਪੰਚਾਇਤ ਵਲੋਂ ਬਾਜ਼ੀਗਰ ਸਵ. ਅਜੀਤ ਸਿੰਘ ਦੀ ਪਤਨੀ ਨੂੰ ਜੋ ਟੀਮ ਲੈ ਕੇ ਆਈ ਸੀ, ਉਸ ਨੂੰ 25100 ਰੁਪਏ ਨਕਦ ਤੇ ਪਿੰਡ ਵਾਸੀਆਂ ਵਲੋਂ ਸੂਟ ਤੇ ਦਾਣੇ ਦਿੱਤੇ ਗਏ | ਬਾਕੀ ਬਾਜ਼ੀਗਰ ਖਿਡਾਰੀਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ | ਇਸ ਮੌਕੇ ਗੁਰਦੀਪ ਸਿੰਘ, ਹਰਬੰਸ ਸਿੰਘ, ਅਜੀਤ ਸਿੰਘ, ਰਸ਼ਪਾਲ ਸਿੰਘ ਮੰਡੇਰ, ਜੁਝਾਰ ਸਿੰਘ, ਦਾਰਾ ਸਿੰਘ, ਹਰਭਜਨ ਸਿੰਘ, ਰਾਮ ਲਾਲ ਭੱਟੀ, ਸੁਖਦੇਵ ਸਿੰਘ, ਕੁਲਵਿੰਦਰ ਸਿੰਘ, ਹਰਨੇਕ ਸਿੰਘ, ਬਹਾਦਰ ਸਿੰਘ, ਮਦਨ ਲਾਲ, ਜ਼ੈਲ ਚੰਦ, ਗੁਲਜਾਰਾ ਰਾਮ, ਕਰਨੈਲ ਸਿੰਘ, ਅਮਰਜੀਤ ਸਿੰਘ ਨੰਬਰਦਾਰ, ਬਲਵੰਤ ਸਿੰਘ, ਸੋਨੂੰ ਚੌਕੀਦਾਰ, ਸਵਰਾਜ ਕੈਂਥ, ਗੁਰਦੀਪ ਤਨੇਜਾ, ਚਮਨ ਲਾਲ ਕੈਂਥ, ਗੁਰਦੀਪ ਸਿੰਘ ਥਾਂਦੀ, ਹਰਮੇਸ਼ ਸਿੰਘ ਸੈਕਟਰੀ, ਹਰਮਨਜੋਤ ਸਿੰਘ, ਮਲਕੀਤ ਸਿੰਘ ਕਾਕਾ ਆਦਿ ਹਾਜ਼ਰ ਸਨ |