ਕਾਠਗੜ੍ਹ, 2 ਜੂਨ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਦੇ ਦੁਆਬਾ ਖੇਤਰ 'ਚ ਡੇਅਰੀ ਫਾਰਮਿੰਗ ਤੇ ਪਸ਼ੂ ਪਾਲਣ ਦੇ ਧੰਦੇ ਨੂੰ ਪ੍ਰਫੁੱਲਿਤ ਕਰਨ ਲਈ ਮੱਕੀ ਦਾ ਹਰਾ ਅਚਾਰ ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ ਇਕ ਵੱਡਾ ਵਰਦਾਨ ਸਾਬਤ ਹੋ ਰਿਹਾ ਹੈ | ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਤੇ ਅਗਾਂਹਵਧੂ ਕਿਸਾਨ ਸੁਰਜੀਤ ਸਿੰਘ ਦੋਭਾਲੀ ਨੇ ਇਸ ਸੰਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਆਧੁਨਿਕ ਤਰੀਕਾ ਪਸ਼ੂਆਂ ਦੇ ਦੁੱਧ ਦੀ ਪੈਦਾਵਾਰ ਵਧਾਉਣ ਤੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਲਈ ਬੇਹੱਦ ਲਾਹੇਵੰਦ ਸਿੱਧ ਹੋ ਰਿਹਾ ਹੈ | ਇਹ ਅਚਾਰ ਜ਼ਮੀਨ ਵਿਚ ਵੱਡੇ ਖੱਡੇ (ਟੋਏ) ਪੁੱਟ ਕੇ ਉਸ ਵਿਚ ਦੱਬ ਕੇ ਉੱਪਰੋਂ ਚੰਗੀ ਤਰ੍ਹਾਂ ਕਵਰ ਕਰ ਦਿੱਤਾ ਜਾਂਦਾ ਹੈ, ਜੋ ਕਿ ਸੱਤ-ਅੱਠ ਮਹੀਨਿਆਂ ਤੋਂ ਲੈ ਕੇ ਇਕ ਸਾਲ ਤੱਕ ਖਰਾਬ ਨਹੀਂ ਹੁੰਦਾ ਅਤੇ ਪਸ਼ੂਆਂ ਲਈ ਹਰੇ ਚਾਰੇ ਦੀ ਘਾਟ ਨੂੰ ਪੂਰਾ ਕਰਦਾ ਹੈ | ਇਹ ਅਚਾਰ ਪਸ਼ੂਆਂ ਲਈ ਪਰੰਪਰਾਗਤ ਤੂੜੀ ਅਤੇ ਹੋਰ ਮਹਿੰਗੇ ਚਾਰਿਆਂ ਨਾਲੋਂ ਕਾਫੀ ਸਸਤਾ ਪੈਂਦਾ ਹੈ, ਜਿਸ ਨਾਲ ਪਸ਼ੂ ਪਾਲਕਾਂ ਦਾ ਖਰਚਾ ਘੱਟਦਾ ਹੈ ਤੇ ਮੁਨਾਫਾ ਵੱਧਦਾ ਹੈ | ਇਸ ਖੇਤਰ ਵਿਚ ਡੇਅਰੀ ਉਦਯੋਗ ਨੂੰ ਹੁਲਾਰਾ ਦੇਣ ਲਈ ਮੰਡੇਰਾ, ਭਰਥਲਾ ਅਤੇ ਮੰਡ ਵਰਗੇ ਇਲਾਕਿਆਂ ਵਿਚ ਛੋਟੀਆਂ-ਛੋਟੀਆਂ ਇੰਡਸਟਰੀਆਂ ਅਤੇ ਫੈਕਟਰੀਆਂ ਸਥਾਪਿਤ ਹੋ ਚੁੱਕੀਆਂ ਹਨ | ਇਹ ਫੈਕਟਰੀਆਂ ਮੱਕੀ ਦੇ ਚਾਰੇ ਨੂੰ ਕੁਤਰ ਕੇ ਅਤੇ ਵਿਸ਼ੇਸ਼ ਮਸ਼ੀਨਾਂ ਰਾਹੀਂ ਪ੍ਰੈੱਸ ਕਰਕੇ ਅਚਾਰ ਦੀਆਂ ਛੋਟੀਆਂ-ਵੱਡੀਆਂ ਗੱਠਾਂ ਤਿਆਰ ਕਰਦੀਆਂ ਹਨ | ਇਹ ਗੱਠਾਂ ਉਨ੍ਹਾਂ ਛੋਟੇ ਕਿਸਾਨਾਂ ਜਾਂ ਡੇਅਰੀ ਮਾਲਕਾਂ ਲਈ ਬਹੁਤ ਫਾਇਦੇਮੰਦ ਹਨ ਜਿਨ੍ਹਾਂ ਕੋਲ ਜ਼ਮੀਨ ਦੀ ਘਾਟ ਹੈ | ਇਸ ਨਵੇਂ ਰੁਝਾਨ ਨੇ ਇਲਾਕੇ ਦੇ ਸੈਂਕੜੇ ਬੇਰੁਜ਼ਗਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹ ਦਿੱਤੇ ਹਨ |