ਬੰਗਾ, 2 ਜੂਨ (ਧਰਮਵੀਰ ਪਾਲ)-ਭਾਈ ਸੰਗਤ ਸਿੰਘ ਖਾਲਸਾ ਕਾਲਜ ਬੰਗਾ ਦੇ ਨਵੇਂ ਵਿੱਦਿਅਕ ਸੈਸ਼ਨ 2026-27 ਲਈ ਤਿਆਰ ਕੀਤੇ ਗਏ ਪ੍ਰਾਸਪੈਕਟਸ ਨੂੰ ਕਾਲਜ ਵਿਖੇ ਐੱਸ. ਜੀ. ਪੀ. ਸੀ. ਦੇ ਮੁੱਖ ਬੁਲਾਰੇ ਤੇ ਮੈਂਬਰ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਵਲੋਂ ਜਾਰੀ ਕੀਤਾ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਰਣਜੀਤ ਸਿੰਘ ਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ | ਪ੍ਰਾਸਪੈਕਟਸ ਜਾਰੀ ਕਰਨ ਉਪਰੰਤ ਜਥੇਦਾਰ ਗੁਰਬਖਸ਼ ਸਿੰਘ ਖ਼ਾਲਸਾ ਨੇ ਕਿਹਾ ਕਿ ਸਿੱਖਿਆ ਕਿਸੇ ਵੀ ਸਮਾਜ ਦੀ ਤਰੱਕੀ ਦਾ ਮੂਲ ਆਧਾਰ ਹੁੰਦੀ ਹੈ ਅਤੇ ਅੱਜ ਦੇ ਸਮੇਂ 'ਚ ਉੱਚ ਸਿੱਖਿਆ ਹਾਸਿਲ ਕਰਨਾ ਹਰ ਨੌਜਵਾਨ ਲਈ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਐਸ. ਜੀ. ਪੀ. ਸੀ. ਵਲੋਂ ਚਲਾਈਆਂ ਜਾ ਰਹੀਆਂ ਵਿਦਿਅਕ ਸੰਸਥਾਵਾਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿਰਫ ਡਿਗਰੀ ਤੱਕ ਸੀਮਤ ਨਾ ਰੱਖ ਕੇ ਉਨ੍ਹਾਂ ਨੂੰ ਕਾਬਿਲ, ਜ਼ਿੰਮੇਵਾਰ ਤੇ ਕਦਰਾਂ ਕੀਮਤਾਂ ਵਾਲੇ ਨਾਗਰਿਕ ਬਣਾਉਣਾ ਹੈ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਨਵੇਂ ਪ੍ਰਾਸਪੈਕਟਸ ਵਿਚ ਕਾਲਜ ਦੇ ਵੱਖ-ਵੱਖ ਅੰਡਰ-ਗ੍ਰੈਜੁਏਟ ਕੋਰਸਾਂ ਦਾਖਲਾ ਪ੍ਰਕਿਰਿਆ, ਅਕਾਦਮਿਕ ਗਤੀਵਿਧੀਆਂ, ਵਿਦਿਆਰਥੀ ਸਹੂਲਤਾਂ, ਸਕਾਲਰਸ਼ਿਪ ਯੋਜਨਾਵਾਂ ਤੇ ਸਹਿ ਵਿੱਦਿਅਕ ਪ੍ਰੋਗਰਾਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਕਾਲਜ ਦਾ ਉਦੇਸ਼ ਵਿਦਿਆਰਥੀਆਂ ਨੂੰ ਗੁਣਵੱਤਾ ਭਰਪੂਰ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ | ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਲਾਕੇ ਦੇ ਵਿਦਿਆਰਥੀ ਵਰਗ ਵਿਚ ਸੰਸਥਾ ਵਿਚ ਦਾਖਲਾ ਲੈਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਸਮੇਂ ਕਾਲਜ ਦੇ ਟੀਚਿੰਗ ਤੇ ਨਾਨ ਟੀਚਿੰਗ ਕਰਮਚਾਰੀ ਵੀ ਹਾਜ਼ਰ ਸਨ |