ਮੁਕੰਦਪੁਰ, 6 ਜੂਨ (ਅਮਰੀਕ ਸਿੰਘ ਢੀਂਡਸਾ)-ਅਮਰਦੀਪ ਸੈਕੰਡਰੀ ਸਕੂਲ ਮੁਕੰਦਪੁਰ ਵਿਖੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਮੱਦੇਨਜ਼ਰ ਚੱਲ ਰਹੇ ਸਮਰ ਕੈਂਪ ਦੀ ਸਮਾਪਤੀ ਹੋਈ | ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਪਰਮਜੀਤ ਕੌਰ ਨੇ ਦੱਸਿਆ ਕਿ ਕੈਂਪ ਦੇ ਇੰਚਾਰਜ ਲੈਕਚਰਾਰ ਬਲਵਿੰਦਰ ਸਿੰਘ ਦੀ ਅਗਵਾਈ ਵਿਚ ਸਮਰ ਕੈਂਪ ਬਹੁਤ ਹੀ ਸਫਲਤਾ ਪੂਰਵਕ ਨੇਪਰੇ ਚੜਿ੍ਹਆ | ਵਿਦਿਆਰਥੀਆਂ ਨੂੰ ਜੀਵਨ ਵਿਚ ਯੋਗਾ ਦੀ ਮਹੱਤਤਾ, ਸਰੀਰਕ ਤੰਦਰੁਸਤੀ, ਸੰਤੁਲਿਤ ਖੁਰਾਕ, ਨੈਤਿਕ ਕਦਰਾਂ-ਕੀਮਤਾਂ, ਚੰਗੇ ਨਾਗਰਿਕ ਬਣਨ ਦੇ ਗੁਣ, ਸਾਈਬਰ ਸੁਰੱਖਿਆ ਤੇ ਸਰੀਰਕ ਭਾਸ਼ਾ ਆਦਿ ਵੱਖ-ਵੱਖ ਵਿਸ਼ਿਆਂ ਸੰਬੰਧੀ ਅਧਿਆਪਕਾਂ ਦੁਆਰਾ ਬਹੁਮੁੱਲੀ ਜਾਣਕਾਰੀ ਮੁਹੱਈਆ ਕਰਵਾਈ ਗਈ | ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਸਟੋਨ ਪੇਂਟਿੰਗ, ਬਲੂਨ ਪੇਂਟਿੰਗ, ਵਾਲ ਹੈਂਗਿੰਗ, ਬਿਨਾ ਅੱਗ ਤੋਂ ਕੁਕਿੰਗ, ਗੀਤ ਗਾਇਨ ਆਦਿ ਵੱਖ-ਵੱਖ ਗਤੀਵਿਧੀਆਂ ਵਿਚ ਭਾਗ ਲਿਆ ਅਤੇ ਸਮਰ ਕੈਂਪ ਦਾ ਖੂਬ ਆਨੰਦ ਮਾਣਿਆ | ਸਮਰ ਕੈਂਪ ਦੇ ਆਖਰੀ ਦਿਨ ਗਰੀਨ ਵੈਲੀ ਪਬਲਿਕ ਸਕੂਲ ਬੱਧਣੀ ਕਲਾਂ ਦੀ ਗਿਆਰਵੀਂ ਜਮਾਤ ਆਰਟਸ ਦੀ ਵਿਦਿਆਰਥਣ ਸਵਰੀਤ ਕੌਰ ਨੇ ਸਕੂਲ ਦੇ ਵਿਦਿਆਰਥੀਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਵਿਦਿਆਰਥੀਆਂ ਨੂੰ ਆਤਮ ਵਿਸ਼ਵਾਸ ਦੇ ਨਾਲ ਜ਼ਿੰਦਗੀ ਵਿਚ ਵਿਚਰਨ ਤੇ ਖੂਬ ਮਿਹਨਤ ਕਰਕੇ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ | ਜ਼ਿਕਰਯੋਗ ਹੈ ਕਿ ਸਵਰੀਤ ਕੌਰ ਪਿੰਡ ਚਕਰ ਜ਼ਿਲ੍ਹਾ ਲੁਧਿਆਣਾ ਦੀ ਵਸਨੀਕ ਹੈ | ਇਸ ਵਿਦਿਆਰਥਣ ਨੇ ਕਰਨਾਟਕਾ ਵਿਚ ਹੋਈ ਜੂਨੀਅਰ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਹੈ | ਸਕੂਲ ਦੇ ਵਿਦਿਆਰਥੀਆਂ ਨੇ ਇਸ ਵਿਦਿਆਰਥਣ ਦਾ ਆਤਮ ਵਿਸ਼ਵਾਸ ਨਾਲ ਭਰਪੂਰ ਲੈਕਚਰ ਸੁਣ ਕੇ ਬਹੁਤ ਆਨੰਦ ਮਾਣਿਆ | ਪਿ੍ੰਸੀਪਲ ਨੇ ਸਮਰ ਕੈਂਪ ਦੀ ਸਮਾਪਤੀ ਦੌਰਾਨ ਵਿਦਿਆਰਥੀਆਂ ਦੀ ਸਮਰ ਕੈਂਪ ਵਿਚ ਭਾਗੀਦਾਰੀ ਦੀ ਪ੍ਰਸ਼ੰਸਾ ਕਰਦਿਆਂ ਅੱਗੋਂ ਵੀ ਇਸੇ ਤਰ੍ਹਾਂ ਰਚਨਾਤਮਕ ਤੇ ਕਲਾਤਮਕ ਗਤੀਵਿਧੀਆਂ 'ਚ ਵੱਧ ਤੋਂ ਵੱਧ ਭਾਗ ਲੈਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਸਕੂਲ ਸਟਾਫ ਦੀ ਵੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਸਮਰ ਕੈਂਪ ਨੂੰ ਸਫਲਤਾ ਪੂਰਵਕ ਨੇਪਰੇ ਚਾੜਿ੍ਹਆ | ਇਸ ਸਮੇਂ ਸਮੂਹ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ |