ਮੁਕੰਦਪੁਰ, 7 ਜੂਨ (ਅਮਰੀਕ ਸਿੰਘ ਢੀਂਡਸਾ)-ਐਸ. ਐਮ. ਓ. ਡਾ. ਨੀਨਾ ਸ਼ਾਂਤ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ ਵਿਸ਼ਵ ਵਾਤਾਵਰਨ ਦਿਵਸ ਪੂਰੇ ਉਤਸ਼ਾਹ ਨਾਲ ਮਨਾਇਆ | ਵਾਤਾਵਰਨ ਦਿਵਸ ਮਨਾਉਣ ਲਈ ਇਸ ਸਾਲ ਦਾ ਵਿਸ਼ਾ 'ਕੁਦਰਤ ਤੋਂ ਪ੍ਰੇਰਿਤ, ਜਲਵਾਯੂ ਲਈ, ਸਾਡੇ ਭਵਿੱਖ ਲਈ' ਹੈ ਜੋ ਪਿੰਡਾ, ਸ਼ਹਿਰਾਂ, ਪਹਾੜਾਂ ਤੇ ਸਮੁੰਦਰਾਂ ਵਿਚ ਮਨੁੱਖੀ ਗਤੀਵਿਧੀਆਂ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਣ ਅਤੇ ਵਾਤਾਵਰਨ ਨੂੰ ਪੁਨਰਜੀਵਤ ਕਰਨ 'ਤੇ ਕੇਂਦ੍ਰਤ ਹੈ | ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਐਸ. ਐਮ. ਓ ਡਾ. ਨੀਨਾ ਸ਼ਾਂਤ ਨੇ ਸੀ. ਐਚ. ਸੀ. ਮੁਕੰਦਪੁਰ ਵਿਖੇ ਬੂਟੇ ਲਗਾਏ | ਇਥੇ ਅਜਵਾਇਣ, ਅਮਰੀਕਨ ਘਾਹ, ਪੱਥਰ ਚੱਟ, ਨਿੰਬੂ, ਗਲੋ, ਪੁਦੀਨਾ, ਕੜੀ ਪੱਤਾ, ਨਿੰਮ, ਕਵਾਰ ਆਦਿ ਬੂਟੇ ਅਤੇ ਕਈ ਤਰ੍ਹਾਂ ਦੇ ਦਰੱਖਤ ਜਿਵੇਂ ਕਿ ਅੰਬ, ਲਿੱਚੀ, ਨਿੰਬੂ ਆਦੀ ਲੱਗੇ ਹੋਏ ਹਨ | ਇਸ ਮੌਕੇ ਉਨ੍ਹਾਂ ਕਿਹਾ ਜਨਤਾ ਦੀ ਭਾਗੀਦਾਰੀ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਨਵੀਨ ਉਪਾਵਾਂ ਦੀ ਚੋਣ ਕਰਕੇ ਅਸੀਂ ਵਾਤਾਵਰਨ ਪ੍ਰਣਾਲੀ ਦੀ ਬਹਾਲੀ ਵਿਚ ਵੱਡਾ ਯੋਗਦਾਨ ਪਾ ਸਕਦੇ ਹਾਂ | ਉਨ੍ਹਾਂ ਸੰਦੇਸ਼ ਦਿੱਤਾ ਕਿ ਸਾਨੂੰ ਆਪਣੀ ਜ਼ਿੰਦਗੀ ਵਿਚ ਪਲਾਸਟਿਕ ਤੋਂ ਬਣੀਆਂ ਵਸਤੂਆਂ ਦਾ ਤਿਆਗ ਕਰ ਦੇਣਾ ਚਾਹੀਦਾ ਹੈ ਜਿਵੇਂ ਕਿ ਪਲਾਸਟਿਕ ਬੋਤਲ, ਪਲਾਸਟਿਕ ਦੇ ਲਿਫਾਫੇ, ਆਦਿ ਹਨ ਜਿਨ੍ਹਾਂ ਨੂੰ ਧਰਤੀ ਵਿਚ ਗਲਣ ਲਈ ਸੈਂਕੜੇ ਸਾਲ ਲੱਗ ਜਾਂਦੇ ਹਨ ਅਤੇ ਇਹ ਸਾਡੀ ਮਿੱਟੀ ਲਈ ਬਹੁਤ ਵਿਨਾਸ਼ਕਾਰੀ ਹਨ | ਇਸ ਮੌਕੇ ਹਰਪ੍ਰੀਤ ਸਿੰਘ ਬੀ. ਈ. ਈ., ਸਟਾਫ਼ ਨਰਸ ਪ੍ਰੇਮ ਲਤਾ, ਹੈਲਥ ਵਰਕਰ ਅਮਨਦੀਪ ਕੁਮਾਰ, ਸਰਬਜੀਤ ਅਤੇ ਮਾਲੀ ਸੁਰੇਸ਼ ਕੁਮਾਰ ਮੌਜੂਦ ਸਨ |