ਬਲਾਚੌਰ, 15 ਜੂਨ (ਨਰੇਸ਼ ਧੌਲ)-ਬਲਾਚੌਰ ਤਹਿਸੀਲ ਕੰਪਲੈਕਸ ਵਿਖੇ ਪਟਵਾਰਖਾਨੇ ਦੇ ਮੁੱਖ ਦਰਵਾਜ਼ੇ ਅੱਗੇ ਸਰਕਾਰੀ ਫੀਸਾਂ ਦੀ ਰੇਟ ਸੂਚੀ ਲਗਾਏ ਜਾਣ ‘ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਐਡਵੋਕੇਟ ਪ੍ਰਵੇਸ਼ ਖੋਸਲਾ ਜਨਰਲ ਸਕੱਤਰ ਸ਼ਹੀਦ ਭਗਤ ਸਿੰਘ ਨਗਰ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਦਾ ਧੰਨਵਾਦ ਕੀਤਾ। ਐਡਵੋਕੇਟ ਪ੍ਰਵੇਸ਼ ਖੋਸਲਾ ਨੇ ਆਖਿਆ ਕਿ ਉਨ੍ਹਾਂ ਵਲੋਂ ਆਮ ਲੋਕਾਂ ਤੇ ਕਿਸਾਨਾਂ ਨੂੰ ਪਟਵਾਰੀਆਂ ਪਾਸੋਂ ਕੰਮ-ਕਾਰ ਕਰਾਏ ਜਾਣ ਸੰਬੰਧੀ ਸਰਕਾਰ ਵਲੋਂ ਤਹਿਸ਼ੁਦਾ ਫੀਸਾਂ ਦੀ ਕੋਈ ਜਾਣਕਾਰੀ ਨਾ ਹੋਣ ਕਾਰਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਵਲੋਂ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਅਪੀਲ ਕੀਤੀ ਗਈ ਸੀ ਕਿ ਪਟਵਾਰਖਾਨੇ ਦੇ ਅੱਗੇ ਆਮ ਲੋਕਾਂ ਦੀ ਜਾਣਕਾਰੀ ਹਿੱਤ ਕੀਤੇ ਜਾਣ ਵਾਲੇ ਕੰਮਾਂ ਤੇ ਵਸੂਲੀਆਂ ਜਾਣ ਵਾਲੀਆਂ ਫੀਸਾਂ ਸੰਬੰਧੀ ਫਲੈਕਸ ਬੋਰਡ ਲਗਾਇਆ ਜਾਵੇ। ਉਨ੍ਹਾਂ ਆਖਿਆ ਕਿ ਮੰਗ ਪੱਤਰ ਦੇਣ ਉਪਰੰਤ ਡਿਪਟੀ ਕਮਿਸ਼ਨਰ ਵਲੋਂ ਤੁਰੰਤ ਐਕਸ਼ਨ ਲੈਂਦਿਆਂ ਹੋਇਆਂ ਪਟਵਾਰ ਸਟੇਸ਼ਨ ਅੱਗੇ ਸਰਕਾਰੀ ਫੀਸਾਂ ਸੰਬੰਧੀ ਰੇਟ ਸੂਚੀ ਲਗਾ ਦਿੱਤੀ ਗਈ ਹੈ, ਜਿਸ ਨਾਲ ਆਮ ਪਬਲਿਕ ਤੇ ਕਿਸਾਨਾਂ ਨੂੰ ਹੁਣ ਇਸ ਦਾ ਪੂਰਾ ਲਾਭ ਪ੍ਰਾਪਤ ਹੋਵੇਗਾ ਕਿਉਂਕਿ ਮਾਲ ਵਿਭਾਗ ਦਾ ਇਕ ਅਜਿਹਾ ਸਰਕਾਰੀ ਅਦਾਰਾ ਪਟਵਾਰਖਾਨਾ ਹੈ, ਜਿਥੇ ਕਿਸਾਨ ਭਰਾ ਤੇ ਆਮ ਜਨਤਾ ਨੂੰ ਜ਼ਮੀਨ ਸੰਬੰਧੀ ਆਪਣੇ ਕਾਗਜ਼ਾਤ ਲੈਣ ਲਈ ਆਉਣਾ ਪੈਂਦਾ ਹੈ। ਰੇਟ ਲਿਸਟ ਲੱਗਣ ਨਾਲ ਲੋੜੀਂਦਾ ਸਰਕਾਰੀ ਕਾਗਜ਼ ਜਿਵੇਂ ਕਿ ਨਕਲ ਅਕਸ਼, ਸਿਜਰਾ, ਨਕਲ ਫਰਦ ਹਕੀਕਤ, ਨਕਲ ਖਸਰਾ ਗਿਦਾਵਰੀ, ਵਗੈਰਾ ਲੈਣ ਸਮੇਂ ਵਾਧੂ ਫੀਸਾਂ ਦੀ ਅਦਾਇਗੀ ਕੀਤੇ ਜਾਣ ਵਿਚ ਰਾਹਤ ਮਿਲੇਗੀ। ਇਸ ਮੌਕੇ ਬਲਦੇਵ ਸਿੰਘ ਖੋਸਲਾ, ਗੁਰਮੁੱਖ ਸਿੰਘ ਮਹਿਮੂਦਪੁਰ ਮੰਡਾਰ, ਸੁਖਵਿੰਦਰ ਸਿੰਘ, ਸਮਸ਼ੇਰ ਸਿੰਘ, �ਮ ਪ੍ਰਕਾਸ਼ ਸੋਢੀ, ਸਰਬਜੀਤ ਸਿੰਘ ਮੰਡੇਰ ਬਕਾਪੁਰ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ।
ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਡੀ. ਸੀ. ਦਾ ਧੰਨਵਾਦ
ਅਜੀਤ ਡੈਸਕ
16-06-2026