ਰੱਤੇਵਾਲ/ਕਾਠਗੜ੍ਹ, 18 ਜੂਨ (ਅਸ਼ੋਕ ਕੁਮਾਰ ਲੀਲ, ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਦੀ ਧਰਤੀ ਨੂੰ ਗੁਰੂਆਂ, ਪੀਰਾਂ ਤੇ ਫਕੀਰਾਂ ਦਾ ਆਸ਼ੀਰਵਾਦ ਪ੍ਰਾਪਤ ਹੈ ਇਸ ਕਰਕੇ ਕੋਈ ਵੀ ਮਾਨਵਤਾ ਵਿਰੋਧੀ ਸਾਜਿਸ਼ ਪੰਜਾਬੀਆਂ ਵਿਚ ਮੌਜੂਦ ਭਾਈਚਾਰਕ ਸਾਂਝ ਨੂੰ ਨਹੀਂ ਤੋੜ ਸਕਦੀ। ਇਹ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸੰਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਨੇ ਕੀਤਾ। ਉਨਾਂ ਕਿਹਾ ਕਿ ਹਾਕਮ ਧਿਰਾਂ ਨਾਲ ਸੰਬੰਧਤ ਰਾਜਨੀਤਕ ਪਾਰਟੀਆਂ ਦੇ ਆਗੂ ਪੰਜਾਬ ਦੇ ਲੋਕਾਂ ਦੇ ਅਸਲ ਮੁੱਦਿਆਂ ਤੇ ਕੋਈ ਵੀ ਅੰਦੋਲਨ ਨਹੀਂ ਚਲਾ ਸਕੇ, ਇਸ ਲਈ ਇਨ੍ਹਾਂ ਧਿਰਾਂ ਦੀ ਪੂਰੀ ਕੋਸ਼ਿਸ਼ ਹੈ ਕਿ ਲੋਕਾਂ ਦੇ ਅਸਲ ਮੁੱਦਿਆਂ ‘ਤੇ ਪਰਦਾ ਪਾ ਕੇ ਗੈਰ ਜਰੂਰੀ ਮੁੱਦੇ ਉਠਾ ਕੇ ਲੋਕਾਂ ਵਿਚ ਭੰਬਲਭੂਸਾ ਪੈਦਾ ਕੀਤਾ ਜਾਵੇ। ਇਨ੍ਹਾਂ ਧਿਰਾਂ ਦੀ ਇਹ ਵੀ ਕੋਸ਼ਿਸ਼ ਹੈ ਕਿ ਧਰਮ ਤੇ ਰਾਜਨੀਤੀ ਨੂੰ ਰਲਗੱਡ ਕਰਕੇ ਗੈਰ ਜ਼ਰੂਰੀ ਮੁੱਦਿਆਂ ‘ਤੇ ਵਿਚਾਰ ਚਰਚਾ ਕਰਵਾਈ ਜਾਵੇ ਤਾਂ ਕਿ ਅਸਲ ਮੁੱਦੇ ਲੋਕਾਂ ਦੇ ਕੇਂਦਰ ਤੋਂ ਦੂਰ ਹੋ ਜਾਣ। ਉਨਾਂ ਕਿਹਾ ਕਿ ਅਸਲ ਮੁੱਦੇ ਤਾਂ ਰੋਜਗਾਰ, ਮਹਿੰਗਾਈ, ਭਰਿਸ਼ਟਾਚਾਰ, ਮਾਰੂ ਨਸ਼ੇ, ਅਮਨ ਕਾਨੂੰਨ, ਸਨਮਾਨ ਜਨਕ ਜੀਵਨ, ਹਰ ਤਰ੍ਹਾਂ ਦੇ ਜਬਰ ਨੂੰ ਰੋਕਣਾ, ਪੰਜਾਬ ਲਈ ਵੱਧ ਅਧਿਕਾਰ, ਸਰਕਾਰੀ ਵਿੱਦਿਆ ਅਤੇ ਇਲਾਜ ਹਨ। ਪਰ ਹਾਕਮ ਧਿਰਾਂ ਇਨ੍ਹਾਂ ਮੁੱਦਿਆਂ ‘ਤੇ ਪਰਦਾ ਪਾ ਕੇ ਬੇਲੋੜੇ ਮੁੱਦੇ ਉਭਾਰ ਰਹੀਆਂ ਹਨ। ਸਥਾਨਕ ਮੁੱਦਿਆਂ ਵਿਚ ਗੈਰਕਾਨੂੰਨੀ ਮਾਈਨਿੰਗ, ਚੁਸਤ-ਦਰੁਸਤ ਸਰਕਾਰੀ ਇਲਾਜ ਦਾ ਪ੍ਰਬੰਧ, ਫੈਕਟਰੀਆਂ ਵਲੋਂ ਪੈਦਾ ਕੀਤਾ ਜਾ ਰਿਹਾ ਹਵਾ, ਪਾਣੀ ਦਾ ਪ੍ਰਦੂਸ਼ਣ ਤੇ ਸਮਾਜਿਕ ਜਬਰ ਤੇ ਪੁਲਿਸ ਜਬਰ ਹਨ। ਸਾਥੀ ਰਾਣਾ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਰਾਜਨੀਤਕ ਧਿਰਾਂ ਨੂੰ ਅਸਲ ਮੁਦਿਆਂ ‘ਤੇ ਆਪਣਾ ਧਿਆਨ ਕੇਂਦਰਿਤ ਕਰਨ ਲਈ ਜੋਰ ਪਾਉਣ। ਇਨਸਾਫ ਪਸੰਦ ਲੋਕ ਤੇ ਜਥੇਬੰਦੀਆਂ ਸਥਾਨਕ ਮਸਲਿਆਂ ਨੂੰ ਵੀ ਉਜਾਗਰ ਕਰਨ ਅਤੇ ਇਹਨਾਂ ਮਸਲਿਆਂ ਤੇ ਲੋਕ ਸੰਘਰਸ਼ ਜਥੇਬੰਦ ਕੀਤੇ ਜਾਣ ਤਾਂ ਕਿ ਰਾਜਨੀਤਿਕ ਧਿਰਾਂ ਵੀ ਲੋਕਾਂ ਦੇ ਅਸਲ ਮੁੱਦਿਆਂ ‘ਤੇ ਹੀ ਧਿਆਨ ਦੇਣ। ਇਸ ਮੌਕੇ ਕਿਸਾਨ ਆਗੂ ਹਰਪਾਲ ਸਿੰਘ ਮੱਕੋਵਾਲ, ਗੁਰਮੁਖ ਸਿੰਘ, ਜਸਪ੍ਰੀਤ ਬਾਜਵਾ ਐਡਵੋਕੇਟ, ਕਿਸਾਨ ਆਗੂ ਕਰਨੈਲ ਸਿੰਘ ਭੱਲਾ ਤੇ ਚਰਨਜੀਤ ਸਿੰਘ ਵੀ ਹਾਜ਼ਰ ਸਨ।