ਨਵਾਂਸ਼ਹਿਰ, 30 ਜੂਨ (ਜਸਬੀਰ ਸਿੰਘ ਨੂਰਪੁਰ)-ਲੜਕੀਆਂ ਵੱਲੋਂ ਵਿਦੇਸ਼ ਜਾਣ ਲਈ ਨੌਜਵਾਨਾਂ ਨਾਲ ਕਿਸ ਤਰ੍ਹਾਂ ਖਿਲਵਾੜ ਕੀਤਾ ਜਾਂਦਾ ਹੈ। ਇਸ ਦੀ ਉਦਾਹਰਨ ਉਸ ਸਮੇਂ ਸਾਹਮਣੇ ਆਈ ਜਦੋਂ ਇੱਕ ਲੜਕੀ ਨੇ ਨੌਜਵਾਨ ਨਾਲ ਵਿਆਹ ਕਰਵਾ ਕੇ ਵਿਦੇਸ਼ ਜਾਣ ਉਪਰੰਤ ਕਿਸੇ ਹੋਰ ਨੌਜਵਾਨ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਅਤੇ ਪੀ. ਆਰ ਕਰਵਾਉਣ ਦੇ ਯਤਨਾਂ ਤਹਿਤ ਆਪਣੇ ਪਤੀ ਤੋਂ 35 ਲੱਖ ਰੁਪਏ ਠੱਗੇ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਕਰਨਾਣਾ ਵਾਸੀ ਲਾਲ ਚੰਦ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਨੂੰ ਕੈਨੇਡਾ ਭੇਜਣ ਲਈ ਇੱਕ ਆਈਲੈੱਟਸ ਪਾਸ ਲੜਕੀ ਨਾਲ ਵਿਆਹ ਪੱਕਾ ਕਰਵਾਇਆ। ਉਸਨੇ ਲੜਕੀ ਨੂੰ ਪੜ੍ਹਾਈ ਲਈ ਕੈਨੇਡਾ ਭੇਜ ਦਿੱਤਾ ਤਾਂ ਕਿ ਵਿਆਹ ਤੋਂ ਬਾਅਦ ਉਸ ਦੇ ਪੁੱਤਰ ਨੂੰ ਲੜਕੀ ਕੈਨੇਡਾ ਲੈ ਜਾ ਸਕੇ। ਇਸ ਪਰਿਵਾਰ ਦੀਆਂ ਉਮੀਦਾਂ ਉਸ ਸਮੇਂ ਢਹਿ ਢੇਰੀ ਹੋ ਗਈਆਂ, ਜਦੋਂ ਵਿਆਹ ਤੋਂ ਬਾਅਦ ਲੜਕੀ ਕੈਨੇਡਾ ਵਿੱਚ ਆਪਣੇ ਹੋਰ ਦੋਸਤ ਨਾਲ ਰਹਿਣ ਲੱਗ ਪਈ। ਪੀੜਤ ਲਾਲ ਚੰਦ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੇ ਪੁੱਤਰ ਹਰਕਮਲ ਦਾ ਵਿਆਹ ਪਿੰਡ ਮੱਲਾ ਸੋਡੀਆ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਹੋਇਆ ਸੀ ਆਪਣੇ ਪੁੱਤਰ ਨੂੰ ਕੈਨੇਡਾ ਭੇਜਣ ਦੀ ਉਮੀਦ ਵਿੱਚ ਲਾਲ ਚੰਦ ਨੇ ਪਹਿਲਾਂ ਉਕਤ ਲੜਕੀ ਨੂੰ ਪੜ੍ਹਾਈ ਲਈ ਕੈਨੇਡਾ ਭੇਜਿਆ ਅਤੇ ਉਸ ਦੀ ਸਿੱਖਿਆ ਅਤੇ ਯਾਤਰਾ ਰਿਹਾਇਸ਼ ਤੇ ਕਾਲਜ ਦੀਆਂ ਫੀਸਾਂ ਲਈ ਨਿੱਜੀ ਤੌਰ ’ਤੇ 35 ਲੱਖ ਰੁਪਏ ਖਰਚ ਕੀਤੇ। ਉਸ ਨੇ ਦੱਸਿਆ ਕਿ ਸਮਝੌਤੇ ਅਨੁਸਾਰ ਕੁੜੀ ਨੇ ਵਿਆਹ ਤੋਂ ਬਾਅਦ ਉਸ ਦੇ ਪੁੱਤਰ ਨੂੰ ਕੈਨੇਡਾ ਬੁਲਾਇਆ। ਜਦੋਂ ਪੀ.ਆਰ ਪ੍ਰਾਪਤ ਕੀਤੀ ਜਾਣੀ ਸੀ ਅਤੇ ਕੈਨੇਡਾ ਪਹੁੰਚਣ ਤੋਂ ਬਾਅਦ ਉਸ ਲੜਕੀ ਨੇ ਆਪਣੇ ਪਤੀ ਦਾ ਫੋਨ ਨਹੀਂ ਚੁੱਕਿਆ। ਉਹਨਾਂ ਦੋਸ਼ ਲਾਇਆ ਕਿ ਉਕਤ ਲੜਕੀ ਆਪਣੇ ਕਿਸੇ ਹੋਰ ਦੋਸਤ ਬਾਲੀ ਢੇਸੀ ਨਾਲ ਜੋ ਗਰਾਇਆ ਦਾ ਰਹਿਣ ਵਾਲਾ ਹੈ ਨਾਲ ਰਹਿਣ ਲੱਗ ਪਈ। ਉਸ ਨੇ ਆਪਣੇ ਪਤੀ ਨਾਲ ਪੂਰੀ ਤਰ੍ਹਾਂ ਰਿਸ਼ਤਾ ਤੋੜ ਦਿੱਤਾ। ਸ਼ਿਕਾਇਤ ਮਿਲਣ ਉਪਰੰਤ ਪੁਲਿਸ ਨੇ ਜਾਂਚ ਕੀਤੀ ਅਤੇ ਉਕਤ ਲੜਕੀ ਪੂਜਾ ਅਤੇ ਉਸ ਦੇ ਪਰਿਵਾਰਕ ਮੈਂਬਰਾਂ ’ਤੇ ਮਾਮਲਾ ਦਰਜ ਕੀਤਾ। ਪੁਲਿਸ ਨੇ ਸ਼ਿਕਾਇਤ ਦੀ ਡੁੰਘਾਈ ਨਾਲ ਜਾਂਚ ਕਰਨ ’ਤੇ ਪਤਾ ਲੱਗਾ ਕਿ ਕਥਿਤ ਦੋਸ਼ੀ ਪਰਿਵਾਰ ਨੇ ਵਿਆਹ ਅਤੇ ਕੈਨੇਡਾ ਭੇਜਣ ਦੇ ਬਹਾਨੇ ਪੀੜਤ ਪਰਿਵਾਰ ਨਾਲ ਧੋਖਾਧੜੀ ਕੀਤੀ ਹੈ। ਜਿਸ ਦੇ ਆਧਾਰ ’ਤੇ ਤਿੰਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਕੈਨੇਡਾ ਭੇਜੀ ਲੜਕੀ ਨੇ ਪਤੀ ਤੋਂ ਪੀ. ਆਰ ਦੇ ਝਾਂਸੇ ਤਹਿਤ ਠੱਗੇ 35 ਲੱਖ-ਮਾਮਲਾ ਦਰਜ
ਅਜੀਤ ਡੈਸਕ
01-07-2026