ਟੱਪਰੀਆਂ ਖੁਰਦ, 4 ਜੁਲਾਈ (ਬੂਥਗੜ੍ਹੀਆ) - ਦੇਸ਼ ਨੂੰ ਆਜ਼ਾਦ ਹੋਏ ਇੰਨੇ ਸਾਲ ਬੀਤ ਚੁੱਕੇ ਹਨ ਪਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਸੂਬੇ ਅੰਦਰ ਬਣੀਆਂ ਸਰਕਾਰਾਂ ਵਲੋਂ ਭਲੇ ਹੀ ਜ਼ਿੰਮੀਦਾਰਾਂ ਤੇ ਕਿਸਾਨਾਂ ਨੂੰ ਵੱਖ-ਵੱਖ ਰੂਪਾਂ ਵਿੱਚ ਸਬਸਿਡੀਆਂ ਪ੍ਰਦਾਨ ਕਰਵਾਇਆਂ ਜਾ ਰਹੀਆਂ ਹਨ ਪਰ ਸਰਕਾਰ ਦੁਆਰਾ ਪ੍ਰਦਾਨ ਕੀਤੀਆਂ ਇਹ ਸਕੀਮਾਂ ਕੰਢੀ ਦੇ ਇਲਾਕੇ ਦੇ ਕਿਸਾਨਾਂ ਨੂੰ ਉਤਸ਼ਾਹਿਤ ਨਾ ਕਰ ਸਕੀਆਂ। ਕੰਢੀ ਦੇ ਇਲਾਕੇ ਵਿੱਚ ਬੇਸਹਾਰਾ ਗਾਵਾਂ ਤੇ ਜਾਨਵਰਾਂ ਦੇ ਜ਼ਿਆਦਾ ਹੋਣ ਦੇ ਕਾਰਨ ਕੰਢੀ ਦੇ ਕਿਸਾਨਾਂ ਦੇ ਦੁਆਰਾ 75 ਫੀਸਦੀ ਦੇ ਕਰੀਬ ਆਪਣੀਆਂ ਜ਼ਮੀਨਾਂ ’ਤੇ ਸਫੈਦਾ, ਪਾਪੂਲਰ ਦੇ ਬੂਟੇ ਲਗਾ ਕੇ ਜ਼ਮੀਨਾਂ ਨੂੰ ਜਾਨਵਰਾਂ ਦੇ ਉਜਾੜੇ ਤੋਂ ਦੁਖੀ ਹੋਇਆ ਬੰਜਰ ਬਣਾਇਆ ਜਾ ਰਿਹਾ ਹੈ। ਪਿਛਲੇ ਸਮੇਂ ਦੀ ਸਰਕਾਰ ਦੌਰਾਨ ਭਲੇ ਹੀ ਕਿਸਾਨਾਂ ਨੂੰ ਉਹਨਾਂ ਦੇ ਦੁਆਰਾ ਆਪਣੇ ਖੇਤਾਂ ਤੇ ਪਸ਼ੂਆਂ ਦੀ ਰੋਕਥਾਮ ਲਈ ਲਗਾਏ ਜਾਲ ਦੇ ਕੁਝ ਲੋਕਾਂ ਨੂੰ ਪੈਸੇ ਪ੍ਰਾਪਤ ਹੋਏ ਤੇ ਬਾਕੀ ਕਿਸਾਨਾਂ ਦੀਆਂ ਨਾਲ ਸਬਸਿਡੀਆ ਦੀਆਂ ਫਾਈਲਾਂ ਵਿਭਾਗ ਦੇ ਦਫ਼ਤਰ ਦਾ ਸ਼ਿੰਗਾਰ ਬਣੀਆਂ ਰਹਿ ਗਈਆਂ। ਇਹਨਾ ਸਰਕਾਰਾਂ ਦੀ ਅਣਦੇਖੀ ਤੇ ਜੰਗਲੀ ਜਾਨਵਰਾਂ ਦੇ ਉਜਾੜੇ ਕਾਰਨ ਅੱਜ ਕੰਢੀ ਦੇ ਖੇਤਾਂ ਦੀ ਅਬਾਦ ਜ਼ਮੀਨ ਬਿਨਾ ਫ਼ਸਲ ਬੰਜਰ ਬਣਦੀ ਜਾ ਰਹੀ ਹੈ। ਤਹਿਸੀਲ ਬਲਾਚੌਰ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਜ਼ਦੀਕ ਵਾਸਿਆਂ ਦਾ ਇਲਾਕਾ ਜਿੱਥੋਂ ਦੇ ਲੋਕਾਂ ਦਾ ਮੁੱਖ ਧੰਦਾ ਪਸ਼ੂ ਪਾਲਣ ਹੈ ਤੇ ਉਹ ਪਸ਼ੂਆਂ ਦਾ ਦੁੱਧ ਵੇਚ ਕੇ ਬਾਹਰ ਸ਼ਹਿਰਾਂ ’ਚ ਮਿਹਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ ਪਰ ਇਨ੍ਹਾਂ ਲੋਕਾਂ ਦੀ ਖੇਤੀ ਅੱਜ ਜੰਗਲੀ ਜਾਨਵਰਾਂ ਤੇ ਆਵਾਰਾਂ ਗਾਵਾਂ ਦੇ ਉਜਾੜੇ ਤੇ ਸਰਕਾਰ ਦੀ ਬੇਰੁਖੀ ਦੀ ਪੂਰੀ ਤਰ੍ਹਾਂ ਸ਼ਿਕਾਰ ਹੋ ਚੁੱਕੀ ਹੈ। ਪਿਛਲੇ ਕੁੱਝ ਕੁ ਸਾਲਾਂ ਤੋਂ ਇਲਾਕੇ ਵਿੱਚ ਜੰਗਲੀ ਜਾਨਵਰਾਂ ਦਾ ਜ਼ਿਆਦਾ ਉਜਾੜਾ ਹੋ ਜਾਣ ਦੇ ਕਾਰਨ ਖੇਤਾਂ ਵਿੱਚ ਲਗਾਤਾਰ ਫ਼ਸਲਾਂ ਨੂੰ ਖਰਾਬ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੰਢੀ ਸੰਘਰਸ਼ ਕਮੇਟੀ ਆਵਾਰਾ ਪਸ਼ੂਆਂ ਦੇ ਉਜਾੜੇ ਨੂੰ ਖਤਮ ਕਰਵਾਉਣ ਦੇ ਲਈ ਕੰਢੀ ਨਹਿਰ ਨੂੰ ਸ਼ਿਵਾਲਿਕ ਦੀਆਂ ਪਹਾੜੀਆ ਦੇ ਨਾਲ-ਨਾਲ ਕਢਾਉਣ ਦੇ ਲਈ ਲਗਾਤਾਰ ਲੰਬੇ ਸਮੇਂ ਤੋਂ ਸ਼ੰਘਰਸ਼ ਕਰਦੀ ਦੀਆਂ ਰਹੀ ਹੈ ਜਿਸ ਦੇ ਨਾਲ ਅਵਾਰਾ ਪਸ਼ੂਆਂ ਦੇ ਉਜਾੜੇ ਦਾ ਵੀ ਹੱਲ ਹੋ ਜਾਵੇਗਾ ਤੇ ਲੋਕਾਂ ਦੀ ਮੰਗ ਦੇ ਅਨੁਸਾਰ ਕੰਢੀ ਨਹਿਰ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ-ਨਾਲ ਨਿਕਲ ਜਾਵੇਗੀ। ਕੰਢੀ ਇਲਾਕੇ ਦੇ ਗਰੀਬ ਕਿਸਾਨ ਇੱਕ ਦੋ ਕਨਾਲ਼ ਜ਼ਮੀਨ ਵਾਲੇ ਤੇ ਸਰਕਾਰੀ ਟਿਊਬਵੈਲਾਂ ’ਤੇ ਨਿਰਭਰ ਰਹਿਣ ਵਾਲੇ ਛੋਟੇ ਕਿਸਾਨਾਂ ਨੂੰ ਸਰਕਾਰੀ ਟਿਊਬਵੈਲਾਂ ਰਾਹੀਂ ਪਾਣੀ ਪ੍ਰਦਾਨ ਕਰਵਾਇਆ ਜਾ ਰਿਹਾ ਪਰ ਬਲਾਕ ਸੜੋਆ ਦੇ ਵਿੱਚ ਦਰਨ ਦੇ ਕਰੀਬ ਸਿੰਚਾਈ ਵਾਲੇ ਟਿਊਬਵੈਲਾਂ ਦੇ ਬੋਰ ਬੈਠ ਜਾਣ ਦੇ ਕਾਰਨ ਫ਼ਸਲ ਨੂੰ ਪਾਣੀ ਦੇਣ ਤੋਂ ਵੀ ਵਾਂਝੇ ਹਨ। ਇਲਾਕੇ ਦੇ ਕਿਸਾਨਾਂ ਦੀ ਆਰਥਿਕ ਹਾਲਤ ਠੀਕ ਨਾ ਹੋਣ ਦੇ ਕਾਰਨ ਵੀ ਕੰਢੇਦਾਰ ਤਾਰ ਖਰੀਦ ਕੇ ਭਲੇ ਹੀ ਆਪਣੇ ਖੇਤਾਂ ਨੂੰ ਲਗਾਈ ਜਾ ਰਹੀ ਹੈ ਪਰ ਫਿਰ ਵੀ ਪਸ਼ੂਆ ਦੇ ਦੁਆਰਾ ਉਹਨਾਂ ਨੂੰ ਤੋੜ ਕਿ ਫਸਲ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਹਰ ਹਾੜ੍ਹੀ ਸਾਉਣੀ ਫ਼ਸਲ ਦੀ ਰਾਖੀ ਲਈ 12 ਮਹੀਨੇ ਆਪਣੇ ਕੰਮ ਕਾਰ ਛੱਡ ਕੇ ਪਸ਼ੂਆਂ ਦੀ ਰੋਕਥਾਮ ਲਈ ਖੇਤਾਂ ਦੀ ਰਾਖੀ ਕਰਨੀ ਪੈਂਦੀ ਹੈ। ਜ਼ਿਕਰਯੋਗ ਹੈ ਕਿ ਕਸਬਾ ਮਾਲੇਵਾਲ ਤੋਂ ਮੱਖੂਪੁਰ ਜਾਂਦੀ ਲਿੰਕ ਸੜਕ ਦੇ ਲਾਗੇ ਸਵੇਰੇ ਸ਼ਾਮ 200-300 ਬੇਸਹਾਰਾ ਗਊਆਂ ਦਾ ਬੈਠਾ ਹੋਣਾ ਚਰਚਾ ਦਾ ਵਿਸ਼ਾ ਦਿਖਾਉਂਦਾ ਹੈ। ਮਹਾਰਾਜ ਬ੍ਰਹਮਸਾਗਰ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਨੌਜਵਾਨ ਸੇਵਾਦਾਰ ਤੇ ਨਜ਼ਦੀਕ ਪਿੰਡਾਂ ਦੇ ਨੌਜਵਾਨ ਉਹਨਾਂ ਬੇਸਹਾਰਾ ਗਊਆਂ ਦੀ ਸੇਵਾ ਲਈ ਸਰਦੀਆਂ ਦੇ ਦਿਨਾਂ ਦੇ ਵਿੱਚ ਦਿਨ ਰਾਤ ਇੱਕ ਕਰਕੇ ਉਹਨਾਂ ਲਈ ਤੂੜੀ ਹਰਾ ਘਾਹ ਪਰਾਲੀ ਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਆਦਿ ਸਵੇਰੇ ਸ਼ਾਮ ਪਾਉਂਦੇ ਹਨ ਤਾਂ ਕਿ ਉਹ ਪਸ਼ੂ ਇੱਕ ਹੀ ਸਥਾਨ ’ਤੇ ਰਹਿਣ ਕਰਕੇ ਕਿਸਾਨਾਂ ਦੀ ਫਸਲ ਨੂੰ ਉਜਾੜ ਕਿ ਬਰਬਾਦ ਨਾ ਕਰਨ। ਸਰਕਾਰ ਨੂੰ ਇਨ੍ਹਾਂ ਅਵਾਰਾ ਪਸ਼ੂਆਂ ਲਈ ਕੋਈ ਨਜ਼ਦੀਕੀ ਗਊਸ਼ਾਲਾ ਦਾ ਪ੍ਰਬੰਧ ਕਰਨਾ ਚਾਹੀਦਾ। ਇਸ ਸਬੰਧੀ ਜਦੋਂ ਹਲਕਾ ਵਿਧਾਇਕਾ ਸ਼੍ਰੀਮਤੀ ਸੰਤੋਸ਼ ਕਟਾਰੀਆ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਾਡਾ ਮੁੱਖ ਮਕਸਦ ਹੈ ਬਲਾਚੋਰ ਹਲਕੇ ਦੇ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਉਜਾੜੇ ਨੂੰ ਖਤਮ ਕਰਨ ਲਈ ਸਰਕਾਰ ਨਾਲ ਜਲਦ ਗੱਲਬਾਤ ਕੀਤੀ ਜਾਵੇਗੀ ਤੇ ਪਿਛਲੀਆਂ ਸਰਕਾਰਾਂ ਦੇ ਵੱਲੋਂ ਅਧੂਰੇ ਰੱਖੇ ਕੰਢੀ ਨਹਿਰ ਵਿਕਾਸ ਕਾਰਜ ਨੂੰ ਮੌਜੂਦਾ ਸਰਕਾਰ ਵੱਲੋਂ ਪੂਰਾ ਕੀਤਾ ਜਾ ਰਿਹਾ ਹੈ।
ਕੰਢੀ ਇਲਾਕੇ ’ਚ ਜੰਗਲੀ ਜਾਨਵਰਾਂ ਵਲੋਂ ਫ਼ਸਲਾਂ ਦੇ ਉਜਾੜੇ ਕਾਰਨ ਆਬਾਦ ਜ਼ਮੀਨ ਹੋ ਰਹੀ ਬੰਜਰ
ਅਜੀਤ ਡੈਸਕ
05-07-2026