ਕਾਠਗੜ੍ਹ, 5 ਜੁਲਾਈ (ਹਰਸਿਮਰਨ ਜੋਤ ਸਿੰਘ ਕਲੇਰ) - ਸਿੱਧ ਸ਼੍ਰੋਮਣੀ ਬਾਬਾ ਮਸਤ ਨਾਥ ਦੀ ਅਪਾਰ ਕਿਰਪਾ ਸਦਕਾ ਪਿੰਡ ਮਾਲੇਵਾਲ ਕੋਹਲੀ ਸਥਿਤ ਡੇਰਾ ਬਾਬਾ ਦੀਵਾਨ ਨਾਥ ਵਿਖੇ ਬਾਬਾ ਰਵਿੰਦਰ ਨਾਥ ਦੀ ਬਰਸੀ ਬੜੀ ਹੀ ਸ਼ਰਧਾ, ਉਤਸ਼ਾਹ ਤੇ ਧਾਰਮਿਕ ਮਾਹੌਲ ਵਿੱਚ ਮਨਾਈ ਗਈ। ਇਸ ਪਾਵਨ ਮੌਕੇ ’ਤੇ ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਪੁੱਜੀ ਵੱਡੀ ਗਿਣਤੀ ਵਿੱਚ ਸਾਧ ਸੰਗਤ ਤੇ ਸ਼ਰਧਾਲੂਆਂ ਨੇ ਬਾਬਾ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਪੂਰਾ ਡੇਰਾ ਭਗਤੀ, ਆਸਥਾ ਤੇ ਸੇਵਾ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ। ਧਾਰਮਿਕ ਦੀਵਾਨ ਦੌਰਾਨ ਪ੍ਰਸਿੱਧ ਭਜਨ ਗਾਇਕ ਬਿੱਲੂ ਮੋਹਣਮਾਜਰਾ, ਪੰਮਾ ਰੱਤੇਵਾਲ ਤੇ ਨਿੱਕਾ ਭਾਣੇਵਾਲ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਇਹਨਾਂ ਨਾਮਵਰ ਗਾਇਕਾਂ ਨੇ ਆਪਣੇ ਰਸਭਰੇ ਭਜਨਾਂ ਰਾਹੀਂ ਸੰਗਤ ਨੂੰ ਨਾਮ ਸਿਮਰਨ ਤੇ ਗੁਰੂ ਭਗਤੀ ਨਾਲ ਜੋੜ ਕੇ ਨਿਹਾਲ ਕੀਤਾ। ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਪੂਜਨੀਕ ਮਹਾਂਪੁਰਖਾਂ ਵਿੱਚ ਬਾਬਾ ਕੈਲਾਸ਼ ਨਾਥ ਪੁਜਾਰੀ (ਅਸਥਲ ਬੋਹਰ, ਰੋਹਤਕ), ਬਾਬਾ ਕੈਲਾਸ਼ ਨਾਥ, ਬਾਬਾ ਰਾਮ ਨਾਥ (ਖਰੜ) ਅਤੇ ਬਾਬਾ ਮੰਗਲ ਨਾਥ ਸ਼ਾਮਲ ਸਨ, ਨੇ ਸੰਗਤ ਨੂੰ ਆਪਣਾ ਓਟ-ਆਸਰਾ ਅਤੇ ਆਸ਼ੀਰਵਾਦ ਦਿੱਤਾ। ਸਮਾਗਮ ਦੌਰਾਨ ਅਤੁੱਟ ਲੰਗਰ ਦੀ ਸੇਵਾ ਨਿਰੰਤਰ ਚੱਲਦੀ ਰਹੀ।