ਕਟਾਰੀਆਂ, 7 ਜੁਲਾਈ (ਪ੍ਰੇਮੀ ਸੰਧਵਾਂ) - ਕਿੱਕਬਾਕਸਿੰਗ ਐਸੋਸੀਏਸ਼ਨ ਐਸ.ਬੀ.ਐਸ. ਨਗਰ ਵੱਲੋਂ ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ, ਸੂੰਢ ਵਿਖੇ 23ਵੀਂ ਸੀਨੀਅਰ ਸਟੇਟ ਅਤੇ ਤੀਜੀ ਮਾਸਟਰਜ਼ ਕਿੱਕਬਾਕਸਿੰਗ ਚੈਂਪੀਅਨਸ਼ਿਪ 2026-27 ਕਰਵਾਈ ਗਈ। ਤਿੰਨ ਦਿਨਾਂ ਤੱਕ ਚੱਲੇ ਇਸ ਰਾਜ ਪੱਧਰੀ ਮੁਕਾਬਲੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 250 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ ਅਤੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦੀ ਸ਼ੋਭਾ ਵਧਾਉਣ ਅਤੇ ਖਿਡਾਰੀਆਂ ਦਾ ਹੌਸਲਾ ਅਫ਼ਜ਼ਾਈ ਕਰਨ ਲਈ ਪੰਜਾਬ ਕਿੱਕਬਾਕਸਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਕਰਤਾਰ ਸਿੰਘ ਅਤੇ ਜ਼ਿਲ੍ਹਾ ਖੇਡ ਅਫ਼ਸਰ ਮੈਡਮ ਵੰਦਨਾ ਚੌਹਾਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਸੁਮਨਪ੍ਰੀਤ ਸਿੰਘ ਅਤੇ ਸਮਾਜ ਸੇਵੀ ਹਰਪ੍ਰੀਤ ਸਿੰਘ ਰੱਕੜ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਜਦਕਿ ਅੰਤਰਰਾਸ਼ਟਰੀ ਖਿਡਾਰਨ ਅਤੇ ਅੰਤਰਰਾਸ਼ਟਰੀ ਤਗ਼ਮਾ ਜੇਤੂ ਬਲਜੀਤ ਕੌਰ (ਪੰਜਾਬ ਪੁਲਿਸ) ਨੇ ਸਟਾਰ ਗੈਸਟ ਵਜੋਂ ਸਮਾਗਮ ਵਿੱਚ ਸ਼ਿਰਕਤ ਕਰਕੇ ਖਿਡਾਰੀਆਂ ਨੂੰ ਪ੍ਰੇਰਿਤ ਕੀਤਾ। ਇਨਾਮ ਵੰਡ ਸਮਾਗਮ ਦੌਰਾਨ ਡਾ. ਅੰਬੇਡਕਰ ਮੈਮੋਰੀਅਲ ਬੁਧਿਸਟ ਰਿਸੋਰਸ ਸੈਂਟਰ ਐਂਡ ਮੈਨੇਜਿੰਗ ਕਮੇਟੀ ਪੰਜਾਬ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ, ਵਾਈਸ ਪ੍ਰਧਾਨ ਹਰਬਲਾਸ ਬਸਰਾ ਅਤੇ ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਦੇ ਪ੍ਰਿੰਸੀਪਲ ਮਨਜੀਤ ਸਿੰਘ ਲੌਂਗੀਆ ਨੇ ਜੇਤੂ ਖਿਡਾਰੀਆਂ ਨੂੰ ਤਗਮੇ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕਿੱਕਬਾਕਸਿੰਗ ਐਸੋਸੀਏਸ਼ਨ ਐਸ.ਬੀ.ਐਸ. ਨਗਰ ਦੇ ਜਨਰਲ ਸਕੱਤਰ ਮਨਜੋਤ ਲੌਂਗੀਆ ਨੇ ਦੱਸਿਆ ਕਿ ਇਸ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੇ ਖਿਡਾਰੀ 1 ਤੋਂ 5 ਅਗਸਤ 2026 ਤੱਕ ਗੁਜਰਾਤ ਵਿਖੇ ਹੋਣ ਵਾਲੀ ਨੈਸ਼ਨਲ ਕਿੱਕਬਾਕਸਿੰਗ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੇ। ਉਨ੍ਹਾਂ ਕਿਹਾ ਕਿ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਦੀ ਚੋਣ ਏਸ਼ੀਅਨ ਕਿੱਕਬਾਕਸਿੰਗ ਚੈਂਪੀਅਨਸ਼ਿਪ ਲਈ ਵੀ ਕੀਤੀ ਜਾਵੇਗੀ, ਜਿਸ ਨਾਲ ਉਨ੍ਹਾਂ ਨੂੰ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲੇਗਾ। ਇਸ ਮੌਕੇ ਪ੍ਰਿੰ. ਮਨਜੀਤ ਸਿੰਘ ਲੌਂਗੀਆ, ਵਾਈਸ ਪਿੰਸੀਪਲ ਮੈਡਮ ਅੰਜਲੀ, ਮਨਜੋਤ ਲੌਂਗੀਆ, ਹਰਬਲਾਸ ਬਸਰਾ, ਹਰਮਨ, ਰੁਪਿੰਦਰ ਕੌਰ, ਚਰਨਜੀਤ, ਆਦਿ ਹਾਜ਼ਰ ਸਨ।
23ਵੀਂ ਸੀਨੀਅਰ ਸਟੇਟ ਅਤੇ ਤੀਜੀ ਮਾਸਟਰਜ਼ ਕਿੱਕਬਾਕਸਿੰਗ ਚੈਂਪੀਅਨਸ਼ਿਪ ਸ਼ਾਨੋ-ਸ਼ੌਕਤ ਨਾਲ ਸੰਪੰਨ
ਅਜੀਤ ਡੈਸਕ
08-07-2026