ਬੰਗਾ, 17 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ, ਧਰਮਵੀਰ ਪਾਲ) - ਫਸਲਾਂ ਦੀ ਜੈਵਿਕ ਖੇਤੀ ਵੱਲ੍ਹ ਕਿਸਾਨਾਂ ਨੂੰ ਤੋਰਨ ਲਈ ਖੇਤੀਬਾੜੀ ਵਿਭਾਗ ਬਲਾਕ ਬੰਗਾ ਵਲੋਂ ਪਿੰਡ ਢਾਹਾਂ ਵਿੱਚ ਡਾ: ਸੁਰਿੰਦਰ ਕੁਮਾਰ ਜ਼ਿਲ੍ਹਾ ਸਿਖ਼ਲਾਈ ਅਫ਼ਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪ੍ਰਧਾਨਗੀ ਹੇਠ ਆਤਮਾ ਸਕੀਮ ਤਹਿਤ ਫਾਰਮ ਸਕੂਲ ਲਗਾਇਆ ਗਿਆ। ਉਹਨਾਂ ਨੇ ਕੈਂਪ ਦਾ ਉਦਘਾਟਨ ਕਰਦੇ ਹੋਏ ਕਿਹਾ ਖੇਤੀ ਖੇਤਰ ਵਿੱਚ ਜ਼ਹਿਰਾਂ ਤੇ ਖਾਦਾਂ ਦੀ ਵਰਤੋਂ ਬਹੁਤ ਵੱਧ ਗਈ ਹੈ ਜੋ ਕਿ ਵਾਤਾਵਰਣ ਅਤੇ ਮਨੁੱਖੀ ਸਿਹਤ ਲਈ ਨੁਕਸਾਨਦੇਹ ਹੈ। ਸ਼ੂਗਰ, ਬੀ. ਪੀ., ਕੈਂਸਰ ਵਰਗੀਆਂ ਬਿਮਾਰੀਆਂ ਵੱਧ ਰਹੀਆਂ ਹਨ। ਇਸ ਲਈ ਜੈਵਿਕ ਖੇਤੀ ਕਰਨਾ ਸਮੇਂ ਦੀ ਲੋੜ ਹੈ। ਇਸ ਮੌਕੇ ਸੁਰਿੰਦਰਪਾਲ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਨੇ ਫਾਰਮ ਸਕੂਲ ਬਾਰੇ ਜਾਣਕਾਰੀ ਦਿੱਤੀ ਕਿ ਕਿਸਾਨਾਂ ਨੂੰ ਫਸਲਾਂ ਦੀ ਜੈਵਿਕ ਖੇਤੀ ਕਰਨ ਦੀ ਲੜੀਵਾਰ ਵਿਧੀ ਤੇ ਤਕਨੀਕਾਂ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਹੋਰ ਜੈਵਿਕ ਖੇਤੀ ਫਾਰਮਾਂ ਦੀ ਵਿਜ਼ਿਟ ਵੀ ਕਰਾਈ ਜਾਏਗੀ। ਇਸ ਮੌਕੇ ਬਲਜੀਤ ਸਿੰਘ ਕੰਗ ਕੁਦਰਤੀ ਖੇਤੀ ਫਾਰਮ ਵਲੋਂ ਕੁਦਰਤੀ ਖੇਤੀ ਦੇ ਢੰਗ-ਤਰੀਕੇ, ਲਾਭ, ਆਮਦਨ ਤੇ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵਿਕਰਮ ਸਿੰਘ ਖੇਤੀ ਵਿਸਥਾਰ ਅਫ਼ਸਰ ਨੇ ਵਿਭਾਗੀ ਸਕੀਮਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਸੰਦੀਪ ਗੰਗੜ ਏ. ਟੀ. ਐੱਮ. ਆਤਮਾ ਤੋਂ ਇਲਾਵਾ ਨਿਹਾਲ ਸਿੰਘ, ਸੁਰਜੀਤ ਸਿੰਘ ਰਾਏ, ਸ਼ਿੰਗਾਰਾ ਲੰਗੇਰੀ, ਹਰਦੀਪ ਸਿੰਘ, ਸੰਦੀਪ ਕੁਮਾਰ, ਦਵਿੰਦਰ ਕੁਮਾਰ, ਗੁਰਦਿਆਲ ਰਾਮ ਆਦਿ ਹਾਜ਼ਰ ਸਨ।