ਮਜਾਰੀ/ਸਾਹਿਬਾ, 20 ਜੁਲਾਈ (ਨਿਰਮਲਜੀਤ ਸਿੰਘ ਚਾਹਲ)- ਪੰਜਾਬ ਮੰਡੀ ਬੋਰਡ ਵਲੋਂ ਕਸਬਾ ਮਜਾਰੀ ਤੋਂ ਖੁਰਦਾਂ ਤੱਕ ਬਣਾਈ 18 ਫੁੱਟੀ ਸੜਕ ਦੇ ਦੋ ਹਿੱਸੇ ਇੱਕ ਕਸਬਾ ਮਜਾਰੀ ਅਤੇ ਦੂਸਰਾ ਪਿੰਡ ਸਜਾਵਲਪੁਰ ਲਾਗੇ ਜੋ ਬੁਰੀ ਤਰਾਂ ਟੁੱਟ ਚੁੱਕੇ ਸਨ। ਇਨਾਂ ਦੋਵਾਂ ਹਿੱਸਿਆਂ ਨੂੰ ਕੰਕਰੀਟ ਦੇ ਬਣਾਉਣ ਲਈ ਮੰਡੀ ਬੋਰਡ ਵਲੋਂ ਕਿਸੇ ਠੇਕੇਦਾਰ ਨੂੰ ਠੇਕੇ ਤੇ ਦਿੱਤਾ ਗਿਆ ਸੀ। ਸਬੰਧਿੱਤ ਠੇਕੇਦਾਰ ਵਲੋਂ ਦੋਵਾਂ ਹਿੱਸਿਆਂ ਨੂੰ ਬਣਾਉਣ ਲਈ ਦੋ ਕੁ ਮਹੀਨੇ ਪਹਿਲਾਂ ਪੁੱਟ ਲਿਆ ਤੇ ਸਜਾਵਲਪੁਰ ਵਾਲੇ ਪਾਸੇ ਤਾਂ ਕੁਝ ਹਿੱਸਾ ਪੂਰਾ ਤੇ ਬਾਕੀ ਇੱਕ ਪਾਸੇ ਦਾ ਹਿੱਸਾ ਇੱਕ ਸਾਈਡ ਦਾ ਬਣਾ ਕੇ ਕੰਮ ਅਧੂਰਾ ਛੱਡ ਦਿੱਤਾ ਗਿਆ ਹੈ ਤੇ ਠੇਕੇਦਾਰ ਇੱਕ ਮਹੀਨਾ ਪਹਿਲਾਂ ਆਪਣਾ ਸਮਾਨ ਤੇ ਲੇਬਰ ਲੈ ਕੇ ਇਥੋਂ ਚਲਾ ਗਿਆ ਜਿਸ ਕਾਰਨ ਇਥੇ ਰਾਹਗੀਰ ਰੋਜ਼ਾਨਾ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਇਸੇ ਤਰਾਂ ਕਸਬਾ ਮਜਾਰੀ ਵਾਲੇ ਪਾਸੇ ਚੌਂਕ ਤੋਂ ਗੁਰਦਆਰਾ ਸਿੰਘਾਂ ਸ਼ਹੀਦਾਂ ਤੱਕ ਦਾ ਸਾਰਾ ਹਿੱਸਾ ਪੁੱਟ ਕੇ ਸੁੱਟਿਆ ਹੋਇਆ ਹੈ। ਜਦੋਂ ਮੀਂਹ ਪੈਂਦਾ ਹੈ ਤਾਂ ਇਹ ਹਿੱਸਾ ਗੋਡੇ ਗੋਡੇ ਤੱਕ ਪਾਣੀ ਨਾਲ ਭਰ ਜਾਂਦਾ ਹੈ। ਜਦੋਂ ਪਾਣੀ ਸੁੱਕ ਜਾਂਦਾ ਹੈ ਤਾਂ ਇਥੇ ਸਾਰਾ ਦਿਨ ਧੂੜ ਮਿੱਟੀ ਉੱਡਦੀ ਰਹਿੰਦੀ ਹੈ ਜਿਸ ਕਾਰਨ ਰਾਹਗੀਰਾਂ ਤੇ ਗੁਰੂ ਘਰ ਜਾਣ ਵਾਲੀਆਂ ਸੰਗਤਾਂ ਨੂੰ ਇਥੋਂ ਬੜੇ ਔਖੇ ਹੋ ਕੇ ਲੰਘਣਾਂ ਪੈਂਦਾ ਹੈ। ਇਸ ਟੁੱਟੇ ਹੋਏ ਟੋਟਿਆਂ ਵੱਲ ਮੰਡੀ ਬੋਰਡ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਕਸਬਾ ਮਜਾਰੀ ਤੇ ਪਿੰਡ ਸਜਾਵਲਪੁਰ ਦੀਆਂ ਪੰਚਾਇਤਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨਾਂ ਦੋਵਾਂ ਹਿੱਸਿਆਂ ਦਾ ਕੰਮ ਜਲਦੀ ਮੁਕੰਮਲ ਕੀਤਾ ਜਾਵੇ।
ਮੰਡੀ ਬੋਰਡ ਵਲੋਂ ਕੰਕਰੀਟ ਪਾਉਣ ਲਈ ਪੱਟੀ ਸੜਕ ਲੋਕਾਂ ਲਈ ਬਣੀ ਮੁਸੀਬਤ
ਅਜੀਤ ਡੈਸਕ
21-07-2026