02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਬਰਸਾਤਾਂ 'ਚ ਅਮਰੂਦਾਂ ਦੀ ਫ਼ਸਲ ਲੈਣ ਲਈ ਉਪਾਅ

Ad Position 21
No active advertisement
ਅਜੀਤ ਡੈਸਕ 21-07-2026

ਪੰਜਾਬ 'ਚ ਅਮਰੂਦਾਂ ਦੀ ਕਾਸ਼ਤ ਹੇਠ ਨਿੰਬੂ ਜਾਤੀ (ਸਿਟਰਸ) ਤੋਂ ਬਾਅਦ ਦੂਜੇ ਨੰਬਰ 'ਤੇ ਸਾਰੇ ਫ਼ਲਾਂ ਨਾਲੋਂ ਵੱਧ ਰਕਬਾ ਹੈ। ਕਿਸਾਨਾਂ ਦੀ ਬਹੁਮਤ ਨੇ ਆਪਣੇ ਟਿਊਬਵੈੱਲਾਂ ਤੇ ਖ਼ਪਤਕਾਰਾਂ ਨੇ ਆਪਣੀਆਂ ਬਗ਼ੀਚੀਆਂ 'ਚ ਅਮਰੂਦ ਦੇ ਬੂਟੇ ਆਮ ਉਗਾਏ ਹੋਏ ਹਨ। ਸਭ ਤੋਂ ਵੱਧ ਰਕਬਾ ਅਮਰੂਦਾਂ ਦੀ ਕਾਸ਼ਤ ਹੇਠ ਪਟਿਆਲਾ ਜ਼ਿਲ੍ਹੇ 'ਚ ਹੈ, ਜਿੱਥੇ ਅਮਰੂਦਾਂ ਦੀ ਅਸਟੇਟ ਸਥਾਪਤ ਹੈ। ਇੱਥੋਂ ਕਿਸਾਨਾਂ ਨੂੰ ਇਹ ਬੂਟੇ ਲਾਉਣ ਲਈ ਸਹੂਲਤਾਂ ਤੇ ਅਗਵਾਈ ਦਿੱਤੀ ਜਾਂਦੀ ਹੈ। ਦੂਜੇ ਨੰਬਰ 'ਤੇ ਸੰਗਰੂਰ, ਮੁਕਤਸਰ ਸਾਹਿਬ, ਬਠਿੰਡਾ ਤੇ ਰੋਪੜ ਜ਼ਿਲ੍ਹਿਆਂ 'ਚ ਵੀ ਅਮਰੂਦਾਂ ਦੀ ਕਾਫ਼ੀ ਕਾਸ਼ਤ ਹੈ। ਅਮਰੂਦ ਦੇ ਬੂਟੇ ਮੈਦਾਨੀ ਇਲਾਕਿਆਂ ਤੋਂ ਇਲਾਵਾ ਪਹਾੜੀ ਖੇਤਰ ਵਿਚ ਵੀ ਲਾਏ ਜਾ ਸਕਦੇ ਹਨ। ਵਿਗਿਆਨੀਆਂ ਅਨੁਸਾਰ ਅਮਰੂਦ ਦਾ ਫ਼ਲ ਸੇਬ ਨਾਲੋਂ ਵੀ ਵੱਧ ਗੁਣਕਾਰੀ ਹੈ। ਇਸ ਵਿਚ ਪੋਟਾਸ਼ੀਅਮ 417 ਮਿਲੀਗ੍ਰਾਮ, ਵਿਟਾਮਿਨ-ਸੀ 228 ਮਿਲੀਗ੍ਰਾਮ, ਫਾਈਬਰ 5.4 ਗ੍ਰਾਮ ਹੈ, ਜਦਕਿ ਇਹ ਨਿਊਟਰੀਸ਼ਨ ਸੇਬ ਵਿਚ ਤਰਤੀਬਵਾਰ 107 ਮਿਲੀਗ੍ਰਾਮ, 4.6 ਮਿਲੀਗ੍ਰਾਮ ਅਤੇ 2.4 ਗ੍ਰਾਮ ਹੁੰਦਾ ਹੈ। ਫਾਇਬਰ ਜ਼ਿਆਦਾ ਹੋਣ ਕਾਰਨ ਅਮਰੂਦ ਕਬਜ਼ ਦੂਰ ਕਰਦਾ ਹੈ ਤੇ ਪੇਟ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਇਹ ਬਲੱਡ 'ਚ ਕੋਲੈਸਟ੍ਰੋਲ ਦੀ ਮਾਤਰਾ ਨੂੰ ਵੀ ਘੱੱਟ ਕਰਦਾ ਹੈ, ਜਿਸ ਕਾਰਨ ਹਾਈ ਬਲੱਡ ਪ੍ਰੈਸ਼ਰ ਦੀ ਰੋਕਥਾਮ ਲਈ ਅਸਰਅੰਦਾਜ਼ ਹੈ। ਇਹ ਭਾਰ ਵੀ ਘਟਾਉਂਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਤਾਂ ਇਹ ਬਹੁਤ ਹੀ ਲਾਭਦਾਇਕ ਹੈ।
ਅਮਰੂਦ ਤਕਰੀਬਨ ਸਾਰਾ ਸਾਲ ਹੀ ਉਪਲੱਬਧ ਹੁੰਦਾ ਹੈ। ਇਹ ਸਾਲ 'ਚ ਦੋ ਵਾਰ ਫ਼ਲ ਦਿੰਦਾ ਹੈ। ਇਕ ਗਰਮ ਰੁੁੱਤ ਦੀ ਬਰਸਾਤ 'ਚ ਅਤੇ ਦੂਜਾ ਸਰਦੀਆਂ 'ਚ। ਪਰ ਬਰਸਾਤ ਦੇ ਮੌਸਮ ਵਾਲੇ ਫ਼ਲ 'ਚ ਆਮ ਤੌਰ 'ਤੇ ਕੀੜਾ ਪੈ ਜਾਂਦਾ ਹੈ। ਬਾਗ਼ਬਾਨੀ ਦੇ ਸਾਬਕਾ ਡਿਪਟੀ ਡਾਇਰੈਕਟਰ (ਰਿਟਾ.) ਡਾ. ਸਵਰਨ ਸਿੰਘ ਮਾਨ ਕਹਿੰਦੇ ਹਨ ਕਿ ਫ਼ਲ ਵਿਚ ਕੀੜੇ ਦਾ ਪੈਣਾ ਬੂਟੇ 'ਚ ਕੋਈ ਨੁਕਸ ਹੋਣ ਕਾਰਨ ਨਹੀਂ। ਇਸ ਦਾ ਮੁੱਖ ਕਾਰਨ ਬਰਸਾਤ 'ਚ ਜਦੋਂ ਫ਼ਲ ਪੱਕਣ ਲਗਦਾ ਹੈ ਤਾਂ ਫ਼ਲ ਦੀ ਮੱਖੀ ਬੂਟੇ 'ਤੇ ਡੰਗ ਮਾਰ ਕੇ ਆਂਡੇ ਦੇ ਦਿੰਦੀ ਹੈ, ਜਿਸ ਨਾਲ ਫ਼ਲ 'ਚ ਸੁੰਡੀਆਂ ਪੈਦਾ ਹੋ ਜਾਂਦੀਆਂ ਹਨ। ਬਹੁਤੇ ਉਤਪਾਦਕ ਗਰਮ ਰੁੱਤ ਬਰਸਾਤ ਦਾ ਫ਼ਲ ਕਾਣਾ ਹੋ ਜਾਣ ਕਾਰਨ ਨਹੀਂ ਲੈਂਦੇ। ਜੇ ਉਤਪਾਦਕਾਂ ਨੇ ਬਰਸਾਤ ਦੇ ਮੌਸਮ ਦਾ ਫ਼ਲ ਨਹੀਂ ਲੈਣਾ ਤਾਂ ਸਰਦੀਆਂ ਦਾ ਵਧੀਆ ਫ਼ਲ ਲੈਣ ਲਈ ਅਪ੍ਰੈਲ ਦੇ ਅਖ਼ੀਰ 'ਚ ਟਾਹਣੀਆਂ ਦੇ ਸਿਰਿਆਂ ਤੋਂ ਇਕ ਫੁੱਟ ਤੱਕ ਕਟਾਈ ਕਰ ਦੇਣੀ ਚਾਹੀਦੀ ਹੈ। ਮਈ ਦੇ ਅਖ਼ੀਰ ਵਿਚ ਜਿਨ੍ਹਾਂ ਬੂਟਿਆਂ 'ਤੇ ਫੁੱਲ ਆਇਆ ਹੈ, ਉਨ੍ਹਾਂ ਤੋਂ ਫੁੱਲ ਤੋੜ ਦੇਣੇ ਚਾਹੀਦੇ ਹਨ। ਅਮਰੂਦ ਦੇ ਬਾਗ਼ਾਂ 'ਚ 10% ਯੂਰੀਏ ਦੀ ਸਪਰੇਅ ਕਰਨੀ ਚਾਹੀਦੀ ਹੈ। ਫ਼ਲ ਨੂੰ ਆਰਗੈਨਿਕ ਤੇ ਗੁਣਵੱਤਾ ਵਾਲਾ ਪਕਾਉਣਾ ਹੋਵੇ ਤਾਂ ਪੀ.ਏ.ਯੂ. ਵਲੋਂ ਪੀ.ਏ.ਯੂ. ਫਰੂਟ ਫਲਾਈ ਟਰੈਪ ਖਰੀਦ ਕੇ ਅੱਜ-ਕੱਲ੍ਹ ਬੂਟੇ 'ਤੇ ਲਟਕਾ ਦੇਣੇ ਚਾਹੀਦੇ ਹਨ। ਇਸ ਤਰ੍ਹਾਂ ਨਰ ਮੱਖੀਆਂ ਇਸ ਟਰੈਪ ਵੱਲ ਖਿੱਚੀਆਂ ਜਾਣਗੀਆਂ ਤੇ ਮਰ ਜਾਣਗੀਆਂ ਅਤੇ ਮਾਦਾ ਮੱਖੀਆਂ ਫ਼ਲਾਂ 'ਚ ਆਂਡੇ ਨਹੀਂ ਦੇ ਸਕਣਗੀਆਂ। ਇਕ ਏਕੜ ਬਾਗ਼ ਵਿਚ 16 ਫਰੂਟ ਫਲਾਈ ਟਰੈਪ ਲਾਉਣ ਦੀ ਸਿਫ਼ਾਰਸ਼ ਹੈ। ਜੇ ਬਗ਼ੀਚੀਆਂ ਜਾਂ ਟਿਊਬਵੈੱਲਾਂ 'ਤੇ 2-4 ਬੂਟੇ ਲਾਏ ਹਨ ਤਾਂ ਇਕ ਟਰੈਪ ਹੀ ਲਾਉਣਾ ਕਾਫ਼ੀ ਹੈ। ਇਹ ਫਲਾਈ ਟਰੈਪ ਬੂਟਿਆਂ 'ਤੇ ਇਕ ਤੋਂ ਡੇਢ ਮੀਟਰ ਦੀ ਉਚਾਈ 'ਤੇ ਛਾਂ ਵਿਚ ਲਾਉਣੇ ਚਾਹੀਦੇ ਹਨ। ਬੂਟਿਆਂ ਕੋਲ ਪਏ ਖਰਾਬ ਫ਼ਲਾਂ ਨੂੰ ਦੂਰ ਇਕ ਫੁੱਟ ਡੂੰਘੇ ਟੋਏ 'ਚ ਦਬਾ ਦੇਣੇ ਚਾਹੀਦੇ ਹਨ ਜਾਂ ਕਾਲੇ ਲਿਫ਼ਾਫ਼ੇ 'ਚ ਬੰਦ ਕਰਕੇ ਦੂਰ ਸੁੱਟ ਦੇਣੇ ਚਾਹੀਦੇ ਹਨ। ਜੁਲਾਈ ਦੇ ਪਹਿਲੇ ਹਫ਼ਤੇ ਤੱਕ ਤੁਰੰਤ ਮੋਮੀ ਲਿਫਾਫੇ ਵੀ ਫ਼ਲਾਂ 'ਤੇ ਚੜ੍ਹਾਏ ਜਾ ਸਕਦੇ ਹਨ। ਇਸ ਨਾਲ ਫ਼ਲਾਂ ਦੀ ਗੁਣਵੱਤਾ ਵਧੀਆ ਹੋਵੇਗੀ ਤੇ ਬਾਜ਼ਾਰ 'ਚ ਭਾਅ ਵੱਧ ਮਿਲੇਗਾ। ਇਸ ਤਰ੍ਹਾਂ ਫ਼ਲ ਆਰਗੈਨਿਕ ਵੀ ਤਿਆਰ ਕੀਤੇ ਜਾ ਸਕਦੇ ਹਨ। ਜੇ ਫਰੂਟ ਫਲਾਈ ਟਰੈਪ ਨਹੀਂ ਵਰਤਣਾ ਤਾਂ ਫੈਨਵਲਰੇਟ 20ਈਸੀ., 2.5 ਮਿ.ਲਿ. ਦਵਾਈ ਪ੍ਰਤੀ ਲਿਟਰ ਪਾਣੀ 'ਚ ਪਾ ਕੇ ਹਫ਼ਤੇ-ਹਫ਼ਤੇ ਬਾਅਦ ਸਪਰੇਅ ਕੀਤੀ ਜਾ ਸਕਦੀ ਹੈ। ਫੈਨਵਲਰੇਟ ਦਵਾਈ ਦੀ ਸਪਰੇਅ ਤੋਂ ਘੱਟੋ-ਘੱਟ ਤਿੰਨ ਦਿਨ ਬਾਅਦ ਹੀ ਫ਼ਲ ਤੋੜਨਾ ਚਾਹੀਦਾ ਹੈ। ਆਮ ਤੌਰ 'ਤੇ ਅਮਰੂਦ ਦੇ ਬਾਗ਼ਾਂ 'ਚ ਨਦੀਨ ਬਹੁਤ ਹੋ ਜਾਂਦੇ ਹਨ। ਉਹ ਪੁੱਟ ਦੇਣੇ ਚਾਹੀਦੇ ਹਨ, ਨਹੀਂ ਤਾਂ ਮੱਖੀਆਂ ਉੱਥੇ ਠਹਿਰ ਜਾਣਗੀਆਂ ਤੇ ਨੁਕਸਾਨ ਪਹੁੰਚਾਉਣਗੀਆਂ। ਟਰੈਪ 'ਚ ਜਦੋਂ 75 ਫ਼ੀਸਦੀ ਮੱਖੀਆਂ ਆ ਜਾਣ ਤਾਂ ਇਨ੍ਹਾਂ ਮਰੀਆਂ ਮੱਖੀਆਂ ਨੂੰ ਟਰੈਪ 'ਚੋਂ ਕੱਢ ਦੇਣਾ ਚਾਹੀਦਾ ਹੈ। ਇਕ ਟਰੈਪ 'ਚ ਤਕਰੀਬਨ 6000 ਮੱਖੀਆਂ ਮਰ ਜਾਂਦੀਆਂ ਹਨ।
ਅਮਰੂਦਾਂ ਦਾ ਉੱਚ ਪੌਸ਼ਟਿਕ ਮੁੱਲ ਹੋਣ ਕਾਰਨ ਹਰ ਵਿਅਕਤੀ ਨੂੰ ਆਪਣੀ ਬਗੀਚੀ 'ਚ ਅਮਰੂਦਾਂ ਦੇ ਬੂਟੇ ਲਾਉਣੇ ਚਾਹੀਦੇ ਹਨ। ਪੀ.ਏ.ਯੂ. ਵਲੋਂ ਅਲਾਹਾਬਾਦੀ ਸਫੈਦਾ, ਲਖਨਊ-49, ਪੰਜਾਬ ਸਫੈਦਾ, ਪੰਜਾਬ ਕਿਰਨ, ਸਵੇਤਾ, ਪੰਜਾਬ ਪਿੰਕ, ਐਪਲ ਗੁਆਵਾ, ਹਿਸਾਰ ਸਫੈਦਾ ਕਿਸਮਾਂ ਲਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਹਿਸਾਰ ਸਫੈਦੇ ਦਾ ਫ਼ਲ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਆਈ.ਏ.ਆਰ.ਆਈ. ਦੀਆਂ ਪੂਸਾ ਸ੍ਰੀਜਨ, ਪੂਸਾ ਅਰੂਸ਼ੀ, ਪੂਸਾ ਪ੍ਰਤੀਕਸ਼ਾ ਕਿਸਮਾਂ ਚੁਣੀਆਂ ਜਾ ਸਕਦੀਆਂ ਹਨ। ਅਮਰੂਦ ਦੇ ਬੂਟੇ ਅਗਸਤ ਤੋਂ ਅਕਤੂਬਰ ਅਤੇ ਫਰਵਰੀ ਤੋਂ ਮਾਰਚ ਮਹੀਨੇ ਤੱਕ ਲਾਏ ਜਾ ਸਕਦੇ ਹਨ। ਪੀ.ਏ.ਯੂ. ਤੇ ਬਾਗ਼ਬਾਨੀ ਵਿਭਾਗ ਤੋਂ ਇਲਾਵਾ ਕੌਮੀ ਬਾਗ਼ਬਾਨੀ ਬੋਰਡ ਤੋਂ ਪ੍ਰਮਾਣਿਤ ਨਰਸਰੀਆਂ ਤੋਂ ਹੀ ਬੂਟੇ ਖਰੀਦਣੇ ਚਾਹੀਦੇ ਹਨ। ਬਿਮਾਰੀਆਂ ਦੂਰ ਭਜਾਉਣ ਤੇ ਸਿਹਤ ਲਈ ਖ਼ਪਤਕਾਰਾਂ ਨੂੰ ਹਰਬਲ ਬੂਟੇ ਜਿਵੇਂ ਆਂਵਲਾ, ਤੁਲਸੀ, ਬ੍ਰਹਮੀ, ਪੁਦੀਨਾ, ਅਸ਼ਵਗੰਧਾ, ਬਿੱਲ ਆਦਿ ਵੀ ਲਾਉਣੇ ਚਾਹੀਦੇ ਹਨ। ਇਸ ਮਹੀਨੇ ਗਮਲਿਆਂ 'ਚ ਲੱਗੇ ਪੁਰਾਣੇ ਬੂਟਿਆਂ ਨੂੰ ਕੱਢ ਕੇ ਗਮਲਿਆਂ 'ਚ ਰੂੜੀ ਖਾਦ ਤੇ ਮਿੱਟੀ ਨਾਲ ਭਰ ਕੇ ਨਵੇਂ ਬੂਟੇ ਲਾਉਣੇ ਚਾਹੀਦੇ ਹਨ। ਹਲਕੀ ਬਾਰਿਸ਼ 'ਚ ਬੂਟਿਆਂ ਨੂੰ ਵਿਹੜੇ ਵਿਚ ਰੱਖ ਦੇਣਾ ਚਾਹੀਦਾ ਹੈ। ਇਸ ਨਾਲ ਬੂਟਿਆਂ ਦਾ ਵਿਕਾਸ ਹੋਵੇਗਾ। ਹਰਬਲ ਬੂਟੇ ਪੀ.ਏ.ਯੁੂ. ਤੇ ਆਈ.ਏ.ਆਰ.ਆਈ. ਦੀਆਂ ਨਰਸਰੀਆਂ ਤੋਂ ਮਿਲ ਜਾਣਗੇ। ਨਿੱਜੀ ਖੇਤਰ 'ਚ ਵੀ ਕਈ ਨਰਸਰੀਆਂ ਹਰਬਲ ਬੂਟੇ ਵੇਚਦੀਆਂ ਹਨ।

ਈਮੇਲ : bhagwandass226@gmail.com

Ad Position 22
No active advertisement
ਪਿਛਲੀ ਖ਼ਬਰ ਪ੍ਰਵਾਸੀ ਮਜ਼ਦੂਰ ਤੋਂ ਅਣਪਛਾਤੇ ਲੁਟੇਰਿਆਂ ਨੇ ਮੋਟਰਸਾਈਕਲ ਖੋਹਿਆ ਅਗਲੀ ਖ਼ਬਰ ਮੰਡੀ ਬੋਰਡ ਵਲੋਂ ਕੰਕਰੀਟ ਪਾਉਣ ਲਈ ਪੱਟੀ ਸੜਕ ਲੋਕਾਂ ਲਈ ਬਣੀ ਮੁਸੀਬਤ
Ad Position 24
No active advertisement