ਨਾਜਰਪੁਰ-ਸਿੰਬਲੀ ਨਹਿਰ ਦੇ ਰਸਤੇ ’ਤੇ ਆਏ ਦਿਨ ਹੋਣ ਲੱਗੀਆਂ ਲੁੱਟ-ਖੋਹ ਦੀਆਂ ਵਾਰਦਾਤਾਂ
ਸਮੁੰਦੜਾ, 20 ਜੁਲਾਈ (ਤੀਰਥ ਸਿੰਘ ਰੱਕੜ)- ਸਥਾਨਕ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਪੁਲ ਨਹਿਰ ਸਿੰਬਲੀ ਤੋਂ ਪਿੰਡ ਨਾਜਰਪੁਰ ਮੋੜ ਤੱਕ ਜਾਂਦੀ ਸੰਪਰਕ ਸੜਕ ‘ਤੇ ਆਏ ਦਿਨ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਲੁਟੇਰਿਆਂ ਵੱਲੋਂ ਬਿਨਾਂ ਕਿਸੇ ਖੌਫ ਦੇ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਰਸਤੇ ‘ਤੇ ਦਿਨ ਵੇਲੇ ਹੀ ਨਵਾਂਸ਼ਹਿਰ ਅਤੇ ਵੱਖ-ਵੱਖ ਪਿੰਡਾਂ ਨੂੰ ਵੱਲ ਜਾਣ ਵਾਲੇ ਅਨੇਕਾਂ ਹੀ ਰਾਹਗੀਰ ਲੁੱਟ-ਖੋਹ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਕਈਆਂ ਦੇ ਤਾਂ ਲੁਟੇਰਿਆਂ ਵੱਲੋਂ ਸੱਟਾਂ ਵੀ ਮਾਰੀਆਂ ਜਾ ਚੁੱਕੀਆਂ ਹਨ ਪਰ ਕੁੰਭਕਰਨੀ ਨੀਂਦ ਸੁੱਤੀ ਪਈ ਸਮੁੰਦੜਾ ਪੁਲਿਸ ਦੇ ਕੰਨ ‘ਤੇ ਜੂੰ ਤੱਕ ਨਹੀਂ ਸਰਕ ਰਹੀ। ਪਿੰਡ ਨਾਜਰਪੁਰ ਦੇ ਸਾਬਕਾ ਸਰਪੰਚ ਸੁਖਬੀਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਉਨ੍ਹਾਂ ਦੇ ਲੰਮੇ ਸਮੇਂ ਤੋਂ ਕੰਮ ਕਰਦਾ ਪ੍ਰਵਾਸੀ ਮਜ਼ਦੂਰ ਚੰਦਰ ਦੇਵ ਪਾਸਵਾਨ ਰਾਤ ਕਰੀਬ 8:40 ‘ਤੇ ਝੋਨੇ ਦੇ ਖੇਤਾਂ ਨੂੰ ਨਹਿਰ ਦੇ ਪਾਣੀ ਦਾ ਨੱਕਾ ਮੋੜ ਕੇ ਵਾਪਸ ਘਰ ਵੱਲ ਨੂੰ ਆ ਰਿਹਾ ਸੀ ਤਾਂ ਪਿੱਛਿਓਂ ਇੱਕ ਮੋਟਰਸਾਇਕਲ ‘ਤੇ ਸਵਾਰ ਹੋ ਕੇ ਆਏ ਦੋ ਅਣਪਛਾਤੇ ਲੁਟੇਰੇ ਜਿਹਨਾਂ ਨੇ ਆਪਣੇ ਮੂੰਹ ਬੰਨ੍ਹੇ ਹੋਏ ਸਨ, ਨੂੰ ਚੱਲਦੇ ਮੋਟਰਸਾਈਕਲ ਤੋਂ ਹੀ ਧੱਕਾ ਦੇ ਕੇ ਸੁੱਟ ਦਿੱਤਾ ਤੇ ਹਥਿਆਰ ਦੀ ਨੌਕ ‘ਤੇ ਉਸ ਤੋਂ ਸਪਲੈਂਡਰ ਮੋਟਰ ਸਾਈਕਲ ਪੀ.ਬੀ 32 ਕਿਊ 6586 ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਪੁਲਿਸ ਚੌਂਕੀ ਸਮੁੰਦੜਾ ਵਿਖੇ ਵੀ ਸੂਚਨਾ ਦੇ ਦਿੱਤੀ ਗਈ। ਇਸੇ ਤਰ੍ਹਾਂ ਪਿੰਡ ਵਾਸੀਆਂ ਜਿਹਨਾਂ ਵਿੱਚ ਸਾਬਕਾ ਸਰਪੰਚ ਕੁਲਵਿੰਦਰ ਸਿੰਘ, ਇਕਬਾਲ ਸਿੰਘ ਪਾਲਾ ਤੇ ਹੋਰਾਂ ਨੇ ਦੱਸਿਆ ਕਿ ਇਸ ਰਸਤੇ ‘ਤੇ ਜੰਗਲ ਵਾਲਾ ਮਾਹੌਲ ਹੈ ਅਤੇ ਆਏ ਦਿਨ ਹੀ ਲੁੱਟ-ਖੋਹ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਉਹਨਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਰੁੜਕੀ ਖਾਸ ਦੇ ਇੱਕ ਬਜ਼ੁਰਗ ਤੋਂ ਦਾਤਰ ਦੀ ਨੋਕ ‘ਤੇ ਲੁਟੇਰੇ ਸਾਈਕਲ ਖੋਹ ਕੇ ਲੈ ਗਏ ਸਨ। ਇਸੇ ਤਰ੍ਹਾਂ ਇੱਕ ਪ੍ਰਵਾਸੀ ਮਜ਼ਦੂਰ ਦੇ ਦਾਤਰ ਮਾਰ ਕੇ ਮੋਬਾਇਲ ਖੋਹ ਲਿਆ ਗਿਆ ਸੀ। ਉਹਨਾਂ ਦੱਸਿਆ ਕਿ ਨਾਜਰਪੁਰ ਦੇ ਹੀ ਸਾਬਕਾ ਸਰਪੰਚ ਬਲਵੀਰ ਸਿੰਘ ਤੋਂ ਵੀ ਮੋਬਾਈਲ ਖੋਣ ਲਈ ਲੁਟੇਰਿਆਂ ਵੱਲੋਂ ਹੱਥੋ-ਪਾਈ ਕੀਤੀ ਗਈ। ਸਾਬਕਾ ਸਰਪੰਚ ਸੁਖਬੀਰ ਸਿੰਘ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਉਹਨਾਂ ਦੀ ਭੂਆ ਮਾਤਾ ਭਜਨ ਕੌਰ ਪਿੰਡ ਭਾਣੀ-ਭਾਣੋਕੀ ਨੇੜੇ ਫਗਵਾੜਾ ਤੋਂ ਅਫਸੋਸ ਕਰਨ ਦੇ ਲਈ ਉਹਨਾਂ ਦੇ ਪਿੰਡ ਆਏ ਸਨ ਅਤੇ ਜਦੋਂ ਉਹ ਆਟੋ ’ਚੋਂ ਉੱਤਰਕੇ ਪਿੰਡ ਵੱਲ ਨੂੰ ਆਉਣ ਲੱਗੇ ਤਾਂ ਪਿੱਛੋਂ ਆਏ ਦੋ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਉਹਨਾਂ ਕੋਲੋਂ 4000 ਦੀ ਨਕਦੀ, ਮੋਬਾਇਲ ਅਤੇ ਕੱਪੜਿਆਂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹਨਾਂ ਵਾਰਦਾਤਾਂ ਸਬੰਧੀ ਪੁਲਿਸ ਚੌਂਕੀ ਸਮੁੰਦੜਾ ਵਿਖੇ ਕਈ ਵਾਰੀ ਜਾਣੂ ਕਰਵਾਇਆ ਗਿਆ ਹੈ ਪਰ ਲੁਟੇਰਿਆਂ ਨੂੰ ਰੋਕਣ ਲਈ ਸਖਤੀ ਨਾਲ ਕਦਮ ਨਹੀਂ ਉਠਾਏ ਜਾ ਰਹੇ। ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰੋਜ਼ਾਨਾ ਹੀ ਇਸ ਰਸਤੇ ‘ਤੇ ਗਸ਼ਤ ਵਧਾਈ ਜਾਵੇ ਅਤੇ ਸ਼ਾਮ ਵੇਲੇ ਕੁੱਝ ਸਮਾਂ ਨਾਕਾਬੰਦੀ ਕਰਕੇ ਸ਼ੱਕੀ ਹਾਲਤ ਵਿੱਚ ਘੁੰਮਦੇ ਮੋਟਰਸਾਇਕਲ ਸਵਾਰਾਂ ਦੀ ਜਾਂਚ ਵੀ ਕੀਤੀ ਜਾਵੇ ਤੇ ਲੁਟੇਰਿਆਂ ਦੀ ਭਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ।
ਪ੍ਰਵਾਸੀ ਮਜ਼ਦੂਰ ਤੋਂ ਅਣਪਛਾਤੇ ਲੁਟੇਰਿਆਂ ਨੇ ਮੋਟਰਸਾਈਕਲ ਖੋਹਿਆ
ਅਜੀਤ ਡੈਸਕ
21-07-2026