ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਮਨਾਇਆ ਤੀਆਂ ਦਾ ਤਿਉਹਾਰ ਮਨਾਇਆ
ਬੰਗਾ, 14 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਅਤੇ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਪੂਰਵਕ ਭਾਗ ਲੈਂਦਿਆਂ ਪੰਜਾਬੀ ਸੱਭਿਆਚਾਰ, ਲੋਕ-ਪਰੰਪਰਾਵਾਂ ਅਤੇ ਵਿਰਸੇ ਦੀਆਂ ਖੂਬਸੂਰਤ ਝਲਕੀਆਂ ਪੇਸ਼ ਕੀਤੀਆਂ।
ਬੰਗਾ, 14 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਅਤੇ ਕਾਲਜੀਏਟ ਸਕੂਲ ਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਪੂਰਵਕ ਭਾਗ ਲੈਂਦਿਆਂ ਪੰਜਾਬੀ ਸੱਭਿਆਚਾਰ, ਲੋਕ-ਪਰੰਪਰਾਵਾਂ ਅਤੇ ਵਿਰਸੇ ਦੀਆਂ ਖੂਬਸੂਰਤ ਝਲਕੀਆਂ ਪੇਸ਼ ਕੀਤੀਆਂ। ਇਹ ਸਮਾਗਮ ਕਾਲਜ ਦੇ ਪ੍ਰਿੰਸੀਪਲ ਡਾ. ਇੰਦੂ ਰੱਤੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸਮਾਗਮ ਵਿੱਚ ਜਿਲ੍ਹਾ ਖੇਡ ਅਫ਼ਸਰ ਮੈਡਮ ਵੰਦਨਾ ਚੌਹਾਨ ਨੇ ਮੁੱਖ ਮਹਿਮਾਨ ਵਜੋਂ ਅਤੇ ਪ੍ਰਧਾਨ ਨਗਰ ਕੌਂਸਲ, ਬੰਗਾ ਮੈਡਮ ਮੋਨਿਕਾ ਵਾਲੀਆ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਾਲਜ ਪ੍ਰਿੰਸੀਪਲ ਡਾ . ਇੰਦੂ ਰੱਤੀ ਵੱਲੋਂ ਮਹਿਮਾਨਾਂ ਦਾ ਫੁੱਲਾਂ ਨਾਲ ਸਵਾਗਤ ਕਰਦਿਆਂ ਸਵਾਗਤੀ ਸ਼ਬਦ ਸਾਂਝੇ ਕੀਤੇ ਗਏ। ਉਹਨਾਂ ਕਿਹਾ ਕਿ ਕਾਲਜ ਵੱਲੋਂ ਅਜਿਹੇ ਸੱਭਿਆਚਾਰਕ ਸਮਾਗਮ ਕਰਵਾਉਣ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੀਆਂ ਜੜ੍ਹਾਂ ਅਤੇ ਅਮੀਰ ਵਿਰਸੇ ਨਾਲ ਜੋੜਨਾ ਹੈ। ਪੀਂਘ ਝੂਟਣ ਅਤੇ ਗਿੱਧਾ ਪਾਉਣ ਉਪਰੰਤ ਵਿਦਿਆਰਥਣਾਂ ਵੱਲੋਂ ਤੀਆਂ ਦੇ ਤਿਉਹਾਰ ਨਾਲ ਸਬੰਧਤ ਗਿੱਧਾ, ਲੋਕ-ਗੀਤ ਅਤੇ ਹੋਰ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਗਈਆਂ, ਜਿਨ੍ਹਾਂ ਨੇ ਸਮਾਗਮ ਨੂੰ ਰੌਣਕਮਈ ਬਣਾ ਦਿੱਤਾ। ਵਿਦਿਆਰਥਣਾਂ ਨੇ ਪੰਜਾਬੀ ਪਹਿਰਾਵੇ ਅਤੇ ਰਵਾਇਤੀ ਸਜਾਵਟ ਰਾਹੀਂ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨੂੰ ਵੀ ਖੂਬਸੂਰਤੀ ਨਾਲ ਪੇਸ਼ ਕੀਤਾ। ਰਵਾਇਤੀ ਪਹਿਰਾਵੇ ਦੇ ਮੁਕਾਬਲੇ ਦੀ ਜੱਜਮੈਂਟ ਡਾ. ਕਮਲਦੀਪ ਕੌਰ, ਡਾ. ਸੁਨਿਧੀ ਮਿਗਲਾਨੀ ਅਤੇ ਪ੍ਰੋ. ਨੀਲਮ ਵੱਲੋਂ ਕੀਤੀ ਗਈ। ਸਥਾਨਕ ਸਕੱਤਰ ਸ. ਜਰਨੈਲ ਸਿੰਘ ਪੱਲੀ ਝਿੱਕੀ ਅਤੇ ਐੱਮ. ਸੀ ਬੰਗਾ ਮੈਡਮ ਰਾਜਵਿੰਦਰ ਕੌਰ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਮੈਡਮ ਵੰਦਨਾ ਚੌਹਾਨ ਨੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਨੂੰ ਸਿਜਦਾ ਕੀਤਾ ਅਤੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਇਹ ਪੰਜਾਬ ਦਾ ਵਿਰਾਸਤੀ ਤਿਓਹਾਰ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆ ਤੋਂ ਦੂਰ ਰਹਿਣ ਅਤੇ ਵੱਧ ਤੋਂ ਵੱਧ ਖੇਡਾਂ ਵਿੱਚ ਹਿੱਸਾ ਲੈਣ ਲਈ ਵੀ ਪ੍ਰੇਰਿਤ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਸੰਬੋਧਨ ਹੁੰਦਿਆਂ ਮੈਡਮ ਮੋਨਿਕਾ ਵਾਲੀਆ ਨੇ ਵਿਦਿਆਰਥਣਾਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਅਤੇ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰਵਾਇਤੀ ਪਹਿਰਾਵਾ ਮੁਕਾਬਲੇ ਵਿੱਚ ਹਿੱਸਾ ਲੈਣ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦਾ ਮੰਚ ਸੰਚਾਲਨ ਡਾ. ਨਿਰਮਲਜੀਤ ਕੌਰ ਅਤੇ ਪੋ੍ਰ. ਤਜਿੰਦਰ ਸਿੰਘ ਨੇ ਬਾਖੂਬੀ ਕੀਤਾ। ਉਨ੍ਹਾਂ ਨੇ ਆਪਣੀ ਪ੍ਰਭਾਵਸ਼ਾਲੀ ਪੇਸ਼ਕਾਰੀ ਰਾਹੀਂ ਸਮਾਗਮ ਨੂੰ ਰੌਚਕ ਬਣਾਈ ਰੱਖਿਆ। ਪ੍ਰੋਗਰਾਮ ਦੀ ਕੋਆਰਡੀਨੇਟਰ ਡਾ. ਅੰਮ੍ਰਿਤ ਕੌਰ ਨੇ ਸਮਾਗਮ ਲਈ ਸਮੁੱਚਾ ਸਹਿਯੋਗ ਦੇਣ ਵਾਲੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਤੀਆਂ ਦੇ ਇਸ ਸਮਾਗਮ ਵਿੱਚ ਪੰਜਾਬੀ ਸੱਭਿਆਚਾਰ ਦੀ ਰਵਾਇਤੀ ਮਹਿਕ ਨੂੰ ਹੋਰ ਗੂੜ੍ਹਾ ਕਰਨ ਲਈ ਰਿਫਰੈਸ਼ਮੈਂਟ ਵਜੋਂ ਰਵਾਇਤੀ ਪੰਜਾਬੀ ਖਾਣਾ ਖੀਰ-ਪੂੜੇ ਵੀ ਵਰਤਾਏ ਗਏ। ਵਿਦਿਆਰਥਣਾਂ ਅਤੇ ਸਟਾਫ਼ ਨੇ ਇਸ ਰਵਾਇਤੀ ਪਕਵਾਨ ਦਾ ਆਨੰਦ ਮਾਣਿਆ। ਖੀਰ-ਪੂੜਿਆਂ ਨੇ ਸਮਾਗਮ ਵਿੱਚ ਪੰਜਾਬੀ ਪਿੰਡਾਂ ਦੀਆਂ ਪੁਰਾਣੀਆਂ ਤੀਆਂ ਦੀ ਯਾਦ ਨੂੰ ਤਾਜ਼ਾ ਕਰਦਿਆਂ ਇਸ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ।