ਔੜ ਖੇਤੀਬਾੜੀ ਦਫ਼ਤਰ ’ਚ ਰਾਇਆ ਸਰ੍ਹੋਂ ਦਾ ਬੀਜ ਮੁਫ਼ਤ ਉਪਲਬਧ-ਡਾ. ਮੋਨਿਕਾ
ਔੜ, 13 ਅਕਤੂਬਰ (ਗੁਰਨਾਮ ਸਿੰਘ ਸੈਣੀ)-ਕਿਸਾਨਾਂ ਨੂੰ ਸਰ੍ਹੋਂ ਦੀ ਕਾਸ਼ਤ ਵੱਲ ਉਤਸ਼ਾਹਿਤ ਕਰਨ ਤੇ ਖੇਤੀਬਾੜੀ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਪਹੁੰਚਾਉਣ ਦੇ ਮਕਸਦ ਨਾਲ ਬਲਾਕ ਖੇਤੀਬਾੜੀ ਦਫ਼ਤਰ ਔੜ ਵਿਖੇ ਰਾਇਆ ਸਰ੍ਹੋਂ ਦੀ ਕਿਸਮ ਆਰ. ਐੱਚ.
ਔੜ, 13 ਅਕਤੂਬਰ (ਗੁਰਨਾਮ ਸਿੰਘ ਸੈਣੀ)-ਕਿਸਾਨਾਂ ਨੂੰ ਸਰ੍ਹੋਂ ਦੀ ਕਾਸ਼ਤ ਵੱਲ ਉਤਸ਼ਾਹਿਤ ਕਰਨ ਤੇ ਖੇਤੀਬਾੜੀ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਪਹੁੰਚਾਉਣ ਦੇ ਮਕਸਦ ਨਾਲ ਬਲਾਕ ਖੇਤੀਬਾੜੀ ਦਫ਼ਤਰ ਔੜ ਵਿਖੇ ਰਾਇਆ ਸਰ੍ਹੋਂ ਦੀ ਕਿਸਮ ਆਰ. ਐੱਚ.-1424 ਦਾ ਬੀਜ ਮੁਫ਼ਤ ਵੰਡਣ ਲਈ ਪਹੁੰਚ ਗਿਆ ਹੈ। ਕਿਸਾਨ ਇਹ ਬੀਜ ਆਪਣਾ ਆਧਾਰ ਕਾਰਡ ਦਿਖਾ ਕੇ ਪ੍ਰਾਪਤ ਕਰ ਸਕਦੇ ਹਨ। ਇਸ ਸੰਬੰਧੀ ਖੇਤੀਬਾੜੀ ਵਿਕਾਸ ਅਫ਼ਸਰ ਔੜ ਡਾ. ਮੋਨਿਕਾ ਨੇ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਕਿਸਾਨਾਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਰਾਇਆ ਸਰ੍ਹੋਂ ਦਾ ਬੀਜ ਮੁਫ਼ਤ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਸਰ੍ਹੋਂ ਦੀ ਕਾਸ਼ਤ ਕਰਨ ਦੇ ਇਛੁੱਕ ਹਨ, ਉਹ ਬਲਾਕ ਖੇਤੀਬਾੜੀ ਦਫ਼ਤਰ ਔੜ ਵਿਖੇ ਪਹੁੰਚ ਕੇ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਬੀਜ ਦੀ ਵੰਡ ਪਹਿਲਾਂ ਆਓ, ਪਹਿਲਾਂ ਪਾਓ ਦੇ ਆਧਾਰ ’ਤੇ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਰਾਇਆ ਸਰ੍ਹੋਂ ਦੀ ਕਿਸਮ ਆਰ.ਐੱਚ.-1424 ਸਰ੍ਹੋਂ ਦੀ ਕਾਸ਼ਤ ਲਈ ਮਹੱਤਵਪੂਰਨ ਕਿਸਮ ਹੈ। ਖੇਤੀਬਾੜੀ ਵਿਕਾਸ ਅਫ਼ਸਰ ਨੇ ਕਿਹਾ ਕਿ ਕਿਸਾਨਾਂ ਨੂੰ ਫ਼ਸਲਾਂ ਦੀ ਚੋਣ ਕਰਦੇ ਸਮੇਂ ਇਲਾਕੇ ਦੀਆਂ ਮੌਸਮੀ ਸਥਿਤੀਆਂ, ਜ਼ਮੀਨ ਦੀ ਕਿਸਮ ਤੇ ਖੇਤੀਬਾੜੀ ਮਾਹਿਰਾਂ ਦੀ ਸਲਾਹ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ। ਸਰ੍ਹੋਂ ਦੀ ਕਾਸ਼ਤ ਦੌਰਾਨ ਬਿਜਾਈ ਦੇ ਢੁੱਕਵੇਂ ਸਮੇਂ, ਬੀਜ ਦੀ ਸਹੀ ਮਾਤਰਾ, ਖਾਦਾਂ ਦੀ ਸੰਤੁਲਿਤ ਵਰਤੋਂ ਤੇ ਫ਼ਸਲ ਦੀ ਸਮੇਂ ਸਿਰ ਦੇਖਭਾਲ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਬਲਾਕ ਔੜ ਦੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰ੍ਹੋਂ ਦੀ ਕਾਸ਼ਤ ਸੰਬੰਧੀ ਖੇਤੀਬਾੜੀ ਵਿਭਾਗ ਦੀਆਂ ਸਿਫ਼ਾਰਸ਼ਾਂ ਅਨੁਸਾਰ ਖੇਤੀ ਕਰਨ ਅਤੇ ਮੁਫ਼ਤ ਬੀਜ ਵੰਡਣ ਦੀ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ। ਬੀਜ ਪ੍ਰਾਪਤ ਕਰਨ ਅਤੇ ਸਰ੍ਹੋਂ ਦੀ ਕਾਸ਼ਤ ਸੰਬੰਧੀ ਹੋਰ ਜਾਣਕਾਰੀ ਲੈਣ ਲਈ ਕਿਸਾਨ ਬਲਾਕ ਖੇਤੀਬਾੜੀ ਦਫ਼ਤਰ ਔੜ ਨਾਲ ਸੰਪਰਕ ਕਰ ਸਕਦੇ ਹਨ।