ਕਾਠਗੜ੍ਹ ਵਿਖੇ ਆਜ਼ਾਦ ਸਪੋਰਟਸ ਕਲੱਬ ਬਾਗੋਵਾਲ ਵੱਲੋਂ ਸ਼ਾਨਦਾਰ ਅਥਲੈਟਿਕ ਮੀਟ
ਕਾਠਗੜ੍ਹ, 20 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਸਥਾਨਕ ਡੀ. ਏ.
ਕਾਠਗੜ੍ਹ, 20 ਅਗਸਤ (ਹਰਸਿਮਰਨ ਜੋਤ ਸਿੰਘ ਕਲੇਰ) - ਸਥਾਨਕ ਡੀ.ਏ.ਵੀ. ਸਕੂਲ ਕਾਠਗੜ੍ਹ ਦੇ ਖੇਡ ਮੈਦਾਨ ਵਿੱਚ ਆਜ਼ਾਦ ਸਪੋਰਟਸ ਕਲੱਬ ਬਾਗੋਵਾਲ ਵੱਲੋਂ ਇੱਕ ਵਿਸ਼ਾਲ ਐਥਲੈਟਿਕ ਮੀਟ ਕਰਵਾਈ ਗਈ। ਖੇਡ ਸਮਾਗਮ ਦਾ ਉਦਘਾਟਨ ਡੇਰਾ ਬੌੜੀ ਸਾਹਿਬ ਦੇ ਗੱਦੀਨਸ਼ੀਨ ਸੁਆਮੀ ਦਿਆਲ ਦਾਸ ਵੱਲੋਂ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਉਮਰ ਵਰਗਾਂ ਦੇ ਖਿਡਾਰੀਆਂ ਨੇ ਭਾਰੀ ਉਤਸ਼ਾਹ ਅਤੇ ਖੇਡ ਭਾਵਨਾ ਨਾਲ ਭਾਗ ਲਿਆ। ਖੇਡ ਮੁਕਾਬਲਿਆਂ ਦੌਰਾਨ ਐਥਲੀਟਾਂ ਨੇ ਦੌੜ, ਲੰਬੀ ਛਾਲ, ਉੱਚੀ ਛਾਲ ਸਮੇਤ ਹੋਰ ਕਈ ਰੋਮਾਂਚਕ ਮੁਕਾਬਲਿਆਂ ਵਿੱਚ ਆਪਣੀ ਬੇਹਤਰੀਨ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਦਰਸ਼ਕਾਂ ਦੀ ਖ਼ੂਬ ਵਾਹ-ਵਾਹੀ ਖੱਟੀ। ਇਸ ਦੌਰਾਨ ਪਿੰਡ ਕਰੂਰਾ ਟੱਪਰੀਆਂ ਦੇ ਅਨਮੋਲ ਚੌਧਰੀ ਵੱਲੋਂ ਜਿਮਨਾਸਟਿਕ ਦੇ ਹੈਰਾਨੀਜਨਕ ਕਰਤੱਬ ਦਿਖਾਏ ਗਏ ਜਿਨ੍ਹਾਂ ਨੂੰ ਦੇਖ ਕੇ ਹਾਜ਼ਰੀਨ ਦੰਗ ਰਹਿ ਗਏ ਅਤੇ ਖਿਡਾਰੀ ਦੀ ਜ਼ੋਰਦਾਰ ਸ਼ਲਾਘਾ ਕੀਤੀ। ਪ੍ਰਬੰਧਕਾਂ ਵੱਲੋਂ ਜੇਤੂ ਖਿਡਾਰੀਆਂ ਨੂੰ ਆਕਰਸ਼ਕ ਇਨਾਮ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ। ਰਵੀ ਇੰਦਰ ਸਿੰਘ ਬਾਗੋਵਾਲ ਨੇ ਕਿਹਾ ਕਿ ਨੌਜਵਾਨ ਪੰਜਾਬ ਦਾ ਸੁਨਹਿਰੀ ਭਵਿੱਖ ਤੇ ਅਸਲ ਸਰਮਾਇਆ ਹਨ। ਅੱਜ ਦੇ ਦੌਰ ਵਿੱਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਮਾਰੂ ਦਲ-ਦਲ ਤੋਂ ਬਚਾ ਕੇ ਖੇਡ ਮੈਦਾਨਾਂ ਵੱਲ ਪ੍ਰੇਰਿਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਖੇਡਾਂ ਜਿੱਥੇ ਸਰੀਰਕ ਤੇ ਮਾਨਸਿਕ ਤੰਦਰੁਸਤੀ ਬਖ਼ਸ਼ਦੀਆਂ ਹਨ, ਉੱਥੇ ਹੀ ਜੀਵਨ ਵਿੱਚ ਅਨੁਸ਼ਾਸਨ, ਉੱਚਾ ਕਿਰਦਾਰ ਅਤੇ ਸਹੀ ਸੇਧ ਵੀ ਦਿੰਦੀਆਂ ਹਨ। ਆਜ਼ਾਦ ਸਪੋਰਟਸ ਕਲੱਬ ਦਾ ਮੁੱਖ ਟੀਚਾ ਨੌਜਵਾਨ ਊਰਜਾ ਨੂੰ ਸਕਾਰਾਤਮਕ ਦਿਸ਼ਾ ਦੇਣਾ ਤੇ ਪੇਂਡੂ ਖੇਤਰਾਂ ਵਿੱਚੋਂ ਉੱਭਰਦੇ ਖਿਡਾਰੀਆਂ ਨੂੰ ਮੰਚ ਪ੍ਰਦਾਨ ਕਰਨਾ ਹੈ। ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੰਜੀਵ ਚੇਚੀ, ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ, ਸੰਦੀਪ ਸੋਨੂੰ ਭਾਟੀਆ, ਸਤਨਾਮ ਸਿੰਘ ਰਾਜੂਮਾਜਰਾ, ਰਮਨ ਨੰਦ ਲਾਲ, ਪੰਜਾਬੀ ਫ਼ਿਲਮਾਂ ਦੇ ਪ੍ਰਸਿੱਧ ਅਦਾਕਾਰ ਗੁਰਿੰਦਰ ਮਕਣਾ, ਅਸ਼ੋਕ ਨਾਨੋਵਾਲ, ਕਾਬਲ ਸਿੰਘ ਚੇਚੀ, ਧਰਮ ਪਾਲ ਚੇਚੀ, ਜਸਪਾਲ ਸਿੰਘ ਰੇਂਜ ਅਫ਼ਸਰ, ਨੰਬਰਦਾਰ ਸੰਦੀਪ ਚੇਚੀ, ਹੀਰਾ ਖੇਪੜ ਸਰਪੰਚ ਮਝੋਟ, ਮਨੋਜ ਖੇਪੜ, ਸੇਵਾਦਾਰ ਕਾਲੇ ਸ਼ਾਹ, ਮਾਸਟਰ ਰਵਿੰਦਰ ਕਸਾਣਾ ਸੂਰਾਪੁਰੀ, ਇੰਸਪੈਕਟਰ ਰਾਜ ਖਟਾਣਾ, ਦਰਗੇਸ਼ ਜੰਡੀ ਤੇ ਸ਼ੰਕਰ ਜੰਡੀ ਆਦਿ ਬੁਲਾਰਿਆਂ ਨੇ ਇਕੱਠ ਨੂੰ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਅਜਿਹੇ ਸ਼ਾਨਦਾਰ ਖੇਡ ਸਮਾਗਮ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ, ਪੇਂਡੂ ਖੇਡ ਪ੍ਰਤਿਭਾ ਨੂੰ ਨਿਖਾਰਨ ਤੇ ਉਨ੍ਹਾਂ ਨੂੰ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਖੇਡਾਂ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਬਦਲੇ ਕੋਚ ਰਮਨ ਭਰਥਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਏਰੀਆ ਯੂਥ ਅਲਾਇੰਸ ਦੇ ਮੈਂਬਰ ਅਜੀਤਪਾਲ ਸਿੰਘ, ਮਾਸਟਰ ਰਾਜ ਭਾਟੀਆ, ਬਲਜਿੰਦਰ ਸਿੰਘ ਵਿਰਕ, ਅਨਿਲ ਰਾਣਾ ਸਮੇਤ ਨੰਬਰਦਾਰ ਜਸਪਾਲ ਭਾਟੀਆ, ਠੇਕੇਦਾਰ ਪ੍ਰਵੀਨ ਚੇਚੀ, ਅਮਨਦੀਪ ਸਿੰਘ ਚੇਚੀ, ਨੋਨੀ ਚੇਚੀ, ਪਵਨ ਜੰਡੀ, ਹਰਜੀਤ ਸਹੋਤਾ, ਚਰਨਜੀਤ ਸਿਆਣ ਅਤੇ ਸ਼ੰਮੀ ਜਲਾਲਪੁਰ ਸਮੇਤ ਵੱਡੀ ਗਿਣਤੀ ਵਿੱਚ ਖਿਡਾਰੀ, ਕੋਚ, ਪ੍ਰਬੰਧਕ ਅਤੇ ਖੇਡ ਪ੍ਰੇਮੀ ਹਾਜ਼ਰ ਸਨ। ਸਮਾਗਮ ਦੇ ਅਖ਼ੀਰ ਵਿੱਚ ਕਲੱਬ ਦੇ ਪ੍ਰਧਾਨ ਰਵੀ ਇੰਦਰ ਸਿੰਘ ਬਾਗੋਵਾਲ ਵੱਲੋਂ ਪਹੁੰਚੇ ਹੋਏ ਸਮੂਹ ਮਹਿਮਾਨਾਂ, ਦਰਸ਼ਕਾਂ, ਖਿਡਾਰੀਆਂ ਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।