23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਮੋਦੀ ਸਰਕਾਰ ਦੀ ਦੇਸ਼ ਵਿੱਚ ਮੁਕੰਮਲ ਫਾਸ਼ੀਵਾਦ ਸਥਾਪਿਤ ਕਰਨ ਦੀ ਸਾਜਿਸ਼, ਸੀ. ਪੀ. ਆਈ. ਐਮ. ਐਲ. ਵਲੋਂ ਤਿੱਖੇ ਵਿਰੋਧ ਦਾ ਸੱਦਾ

ਨਵਾਂਸ਼ਹਿਰ, 22 ਅਗਸਤ (ਦੀਦਾਰ ਸਿੰਘ ਸ਼ੇਤਰਾ, ਜਸਬੀਰ ਸਿੰਘ ਨੂਰਪੁਰ) - ਸੀ. ਪੀ.

Ad Position 21
No active advertisement
ਨਵਾਂਸ਼ਹਿਰ ਵਿਖੇ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੂਬਾਈ ਆਗੂ ਕਾਮਰੇਡ ਕੁਲਵਿੰਦਰ ਸਿੰਘ ਵੜੈਚ ਅਤੇ ਦਲਜੀਤ ਸਿੰਘ ਐਡਵੋਕੇਟ ਨਾਲ ਹੋਰ। 23-08-2026
ਨਵਾਂਸ਼ਹਿਰ, 22 ਅਗਸਤ (ਦੀਦਾਰ ਸਿੰਘ ਸ਼ੇਤਰਾ, ਜਸਬੀਰ ਸਿੰਘ ਨੂਰਪੁਰ) - ਸੀ.ਪੀ.ਆਈ. (ਐੱਮ.ਐੱਲ.) ਨਿਊ ਡੈਮੋਕਰੇਸੀ ਨੇ ਮੋਦੀ ਸਰਕਾਰ ਦੀ ਦੇਸ਼ ਵਿੱਚ ਫਾਸ਼ੀਵਾਦ ਨੂੰ ਸਥਾਪਿਤ ਕਰਨ ਦੀ ਸਾਜ਼ਿਸ਼ ਨੂੰ ਬੇਨਕਾਬ ਕਰਦਿਆਂ ਇਸਦੇ ਤਿੱਖੇ ਵਿਰੋਧ ਦਾ ਸੱਦਾ ਦਿੱਤਾ ਹੈ। ਪਾਰਟੀ ਦੇ ਸੂਬਾਈ ਆਗੂ ਕਾਮਰੇਡ ਕੁਲਵਿੰਦਰ ਸਿੰਘ ਵੜੈਚ ਅਤੇ ਦਲਜੀਤ ਸਿੰਘ ਐਡਵੋਕੇਟ ਨੇ ਇੱਥੇ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਲ ਕਿਲੇ ਤੋਂ ਦਿੱਤੇ ਗਏ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਵੱਲੋਂ ‘ਦਿਮਾਗੀ ਨਕਸਲੀਆਂ’ ਨੂੰ ਖ਼ਤਮ ਕਰਨ ਦਾ ਹੋਕਾ ਦੇਣਾ ਤੇ ‘ਸਿਵਲ ਡਿਫੈਂਸ ਵਲੰਟੀਅਰ ਕੋਰ ’ ਬਣਾਉਣ ਦਾ ਐਲਾਨ, ਅਸਲ ਵਿੱਚ ਦੇਸ਼ ਵਿੱਚ ਉਭਰ ਰਹੇ ਜਨਤਕ ਸੰਘਰਸ਼ਾਂ ਨੂੰ ਦਬਾਉਣ, ਹਰ ਤਰ੍ਹਾਂ ਦੀਆਂ ਆਵਾਜ਼ਾਂ ਨੂੰ ਖ਼ਤਮ ਕਰਨ ਤੇ ਆਰ.ਐੱਸ.ਐੱਸ ਦੇ ਹਥਿਆਰਬੰਦ ਫਿਰਕੂ ਕੇਡਰ ਨੂੰ ਸਰਕਾਰੀ ਕਾਨੂੰਨੀ ਮਾਨਤਾ ਦੇ ਕੇ ਦੇਸ਼ ਦੀਆਂ ਘੱਟ-ਗਿਣਤੀਆਂ, ਸੱਚੇ ਕਮਿਊਨਿਸਟਾਂ, ਬੁੱਧੀਜੀਵੀਆਂ ਤੇ ਲੋਕ-ਪੱਖੀ ਜਮਹੂਰੀ ਆਵਾਜ਼ਾਂ ਨੂੰ ਜਬਰਨ ਦਬਾਉਣ ਅਤੇ ਜੇਲ੍ਹਾਂ ਵਿੱਚ ਪਾ ਕੇ ਖ਼ਤਮ ਕਰਨ ਦੀ ਇੱਕ ਬਹੁਤ ਹੀ ਖ਼ਤਰਨਾਕ ਫਾਸ਼ੀਵਾਦੀ ਚਾਲ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਖੇਤੀ ਆਰਥਿਕਤਾ ’ਤੇ ਅਮਰੀਕਨ ਸਾਮਰਾਜ ਦੀ ਜਕੜ ਹੋਰ ਮਜ਼ਬੂਤ ਕਰਨ ਲਈ ਭਾਰਤ ਅਮਰੀਕਾ ਵਪਾਰ ਸਮਝੌਤਾ ਕੀਤਾ ਗਿਆ ਹੈ। ਮੋਦੀ ਸਰਕਾਰ ਵੱਲੋਂ ਦੇਸ਼ ਦੇ ਫੈਡਰਲਿਜ਼ਮ ਨੂੰ ਖਤਮ ਕੀਤਾ ਜਾ ਰਿਹਾ ਹੈ। ਆਗੂਆਂ ਨੇ ‘ਦਿਮਾਗੀ ਨਕਸਲੀ’ ਸ਼ਬਦ ਦੇ ਸਿਆਸੀ ਕੁਹਾੜੇ ਨੂੰ ਬਿਲਕੁਲ ਸਾਫ਼ ਕਰਦਿਆਂ ਸਪਸ਼ਟ ਕੀਤਾ ਕਿ ਇਸ ਸ਼ਬਦ ਦੀ ਆੜ ਵਿੱਚ ਸਰਕਾਰ ਦੇਸ਼ ਦੇ ਉਨ੍ਹਾਂ ਪੜ੍ਹੇ-ਲਿਖੇ ਬੁੱਧੀਜੀਵੀਆਂ, ਯੂਨੀਵਰਸਿਟੀ ਪ੍ਰੋਫੈਸਰਾਂ, ਮਨੁੱਖੀ ਅਧਿਕਾਰ ਕਾਰਕੁਨਾਂ, ਵਕੀਲਾਂ, ਲੇਖਕਾਂ ਤੇ ਨਿਰਪੱਖ ਪੱਤਰਕਾਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਜੋ ਸਰਕਾਰ ਦੀਆਂ ਅੰਨ੍ਹੀਆਂ ਕਾਰਪੋਰੇਟ-ਪੱਖੀ ਨੀਤੀਆਂ ਦਾ ਪਰਦਾਫਾਸ਼ ਕਰਦੇ ਹਨ। ਇਹ ਉਨ੍ਹਾਂ ਲੋਕਾਂ ’ਤੇ ਸਿੱਧਾ ਹਮਲਾ ਹੈ ਜਿਨ੍ਹਾਂ ਕੋਲ ਕੋਈ ਹਥਿਆਰ ਨਹੀਂ, ਸਗੋਂ ਸਿਰਫ਼ ਕਲਮ, ਕਿਤਾਬ ਤੇ ਵਿਚਾਰ ਹਨ। ਸਰਕਾਰ ਇਸ ਮਨਘੜਤ ਲੇਬਲ ਰਾਹੀਂ ਦੇਸ਼ ਦੇ ਸੋਚਣ-ਸਮਝਣ ਅਤੇ ਹੱਕੀ ਸਵਾਲ ਪੁੱਛਣ ਵਾਲੇ ਦਿਮਾਗਾਂ ਨੂੰ ਦੇਸ਼-ਵਿਰੋਧੀ ਕਰਾਰ ਦੇ ਕੇ ਜੇਲ੍ਹਾਂ ਵਿੱਚ ਸੜਨ ਲਈ ਮਜ਼ਬੂਰ ਕਰਨਾ ਚਾਹੁੰਦੀ ਹੈ ਤਾਂ ਜੋ ਦੇਸ਼ ਵਿੱਚ ਸਰਕਾਰੀ ਨੀਤੀਆਂ ਖ਼ਿਲਾਫ਼ ਵਿਚਾਰਧਾਰਕ ਵਿਰੋਧ ਦੀ ਚਿੰਗਾਰੀ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਅੱਜ ਜਦੋਂ ਦੇਸ਼ ਦੇ ਕਿਸਾਨ, ਮਜ਼ਦੂਰ, ਨੌਜਵਾਨ ਅਤੇ ਇਨਸਾਫ਼ਪਸੰਦ ਲੋਕ ਸਰਕਾਰ ਦੀਆਂ ਕਾਰਪੋਰੇਟ-ਪੱਖੀ ਨੀਤੀਆਂ, ਅੰਨ੍ਹੀ ਮਹਿੰਗਾਈ, ਬੇਰੁਜ਼ਗਾਰੀ ਅਤੇ ਫ਼ਿਰਕੂ ਨਫ਼ਰਤ ਖ਼ਿਲਾਫ਼ ਸੜਕਾਂ ’ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਤਾਂ ਸਰਕਾਰ ਕੋਲ ਜਨਤਾ ਦੇ ਇਨ੍ਹਾਂ ਹੱਕੀ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ। ਇਹਨਾਂ ਜਨਤਕ ਇਕੱਠਾਂ ਅਤੇ ਲੋਕ-ਸੰਘਰਸ਼ਾਂ ਨੂੰ ਰੋਕਣ ਦੀ ਵੱਡੀ ਸਮੱਸਿਆ ਨਾਲ ਜੂਝ ਰਹੀ ਮੋਦੀ ਸਰਕਾਰ ਹੁਣ ਰਾਜਨੀਤਿਕ ਸੱਤਾ ਦੀ ਦੁਰਵਰਤੋਂ ਕਰਕੇ ਆਰ.ਐੱਸ.ਐੱਸ. ਨੂੰ ਇੱਕ ਨਿੱਜੀ ਫ਼ੌਜ ਵਜੋਂ ਵਰਤਣ ਤੇ ਬਚੇ-ਕੁਚੇ ਲੋਕਤੰਤਰ ਦਾ ਮੁਕੰਮਲ ਘਾਣ ਕਰਨ ਦੀ ਤਿਆਰੀ ਵਿੱਚ ਹੈ, ਜਦੋਂ ਕਿ ਅਸਲ ਵਿੱਚ ਦੇਸ਼ ਦੀ ਤਰੱਕੀ ਵਿੱਚ ਰੁਕਾਵਟ ਨਕਸਲੀ ਜਾਂ ਸਵਾਲ ਚੁੱਕਣ ਵਾਲੇ ਬੁੱਧੀਜੀਵੀ ਨਹੀਂ, ਸਗੋਂ ਸਰਕਾਰ ਦੀਆਂ ਆਪਣੀਆਂ ਲੋਕ - ਮਾਰੂ ਨੀਤੀਆਂ ਹਨ। ਸਰਕਾਰ ਦੇ ਇਸ ਵਧ ਰਹੇ ਫਾਸ਼ੀਵਾਦੀ ਹਮਲੇ ਦਾ ਮੂੰਹ-ਤੋੜਵਾਂ ਜਵਾਬ ਦੇਣ ਅਤੇ ਪੂਰੇ ਦੇਸ਼ ਵਿੱਚ ਇੱਕ ਵੱਡੀ ਲੋਕ-ਲਹਿਰ ਖੜ੍ਹੀ ਕਰਨ ਦੀ ਲੋੜ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਪੰਜਾਬ ਦੇ ਭਖਵੇਂ ਮੁੱਦਿਆਂ ਨੂੰ ਸੰਬੋਧਨ ਹੋਣ ਦੀ ਥਾਂ 2027 ਦੀਆਂ ਚੋਣਾਂ ਦੀ ਤਿਆਰੀ ਵਿੱਚ ਲੱਗੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਹਵਾਲੇ ਕਰਨ, ਭਾਖੜਾ ਬਿਆਸ ਪ੍ਰਬੰਧਕੀ ਬੋਰਡ ਪੰਜਾਬ ਨੂੰ ਸੌਂਪਣ, ਸਾਰੇ ਸਿਆਸੀ ਕੈਦੀਆਂ ਸਜ਼ਾ ਪੂਰੀ ਕਰ ਚੁੱਕੇ ਕੈਦੀ, ਬੁੱਧੀਜੀਵੀ, ਕਾਰਕੁੰਨ, ਆਗੂ ਰਿਹਾ ਕਰਨ, ਘੱਟ ਗਿਣਤੀਆਂ, ਦਲਿਤਾਂ ’ਤੇ ਹਮਲੇ ਬੰਦ ਕਰਨ ਆਦਿ ਮੰਗਾਂ ਨੂੰ ਲੈ ਕੇ 26 ਸਤੰਬਰ ਨੂੰ ਮੋਗਾ ਵਿਖੇ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ ਜਿਸਦੀ ਤਿਆਰੀ ਲਈ ਅੱਜ ਤੋਂ ਹੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡਾਂ ਤੇ ਕਸਬਿਆਂ ਵਿੱਚ ਰੈਲੀਆਂ, ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਜਾਗੋ ਵੀ ਕੱਢੀਆਂ ਜਾਣਗੀਆਂ। ਇਸ ਮੌਕੇ ਅਵਤਾਰ ਸਿੰਘ ਤਾਰੀ, ਕਮਲਜੀਤ ਸਨਾਵਾ ਅਤੇ ਹਰੀ ਰਾਮ ਰਸੂਲਪੁਰੀ ਪਾਰਟੀ ਆਗੂ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਦੇ ਮੁਲਾਜ਼ਮਾਂ ਵਲੋਂ ਦਫ਼ਤਰ ਵਿਖੇ ਗੇਟ ਰੈਲੀ ਅਗਲੀ ਖ਼ਬਰ ਮਨੁੱਖੀ ਅਧਿਕਾਰ ਕਮਿਸ਼ਨ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਤੇ ਸੰਵਿਧਾਨਕ ਗਾਰੰਟੀਆਂ ਨੂੰ ਕਾਇਮ ਰੱਖਣ ਲਈ ਵਚਨਬੱਧ -ਜਤਿ...
Ad Position 24