ਪੀ. ਐਮ. ਸ੍ਰੀ ਸਕੂਲ ਰੱਤੇਵਾਲ ਦੀ ਵੈਸ਼ਾਲੀ ਨੇ ਬਲਾਕ ’ਚੋਂ ਪਹਿਲਾ ਤੇ ਜ਼ਿਲ੍ਹੇ ’ਚੋਂ ਤੀਜਾ ਸਥਾਨ ਕੀਤਾ ਹਾਸਿਲ
ਕਾਠਗੜ੍ਹ, 11 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸਿੱਖਿਆ ਵਿਭਾਗ ਵਲੋਂ ਕਰਵਾਏ ਸਾਇੰਸ ਸੈਮੀਨਾਰ ਮੁਕਾਬਲਿਆਂ ਵਿਚ ਪੀ. ਐਮ.
ਕਾਠਗੜ੍ਹ, 11 ਅਕਤੂਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸਿੱਖਿਆ ਵਿਭਾਗ ਵਲੋਂ ਕਰਵਾਏ ਸਾਇੰਸ ਸੈਮੀਨਾਰ ਮੁਕਾਬਲਿਆਂ ਵਿਚ ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੇਵਾਲ ਦੀ ਦਸਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਵੈਸ਼ਾਲੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਵੈਸ਼ਾਲੀ ਨੇ ਬਲਾਕ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕਰਨ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਵੀ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਤੀਜਾ ਸਥਾਨ ਹਾਸਿਲ ਕੀਤਾ ਹੈ। ਸੈਮੀਨਾਰ ਦਾ ਮੁੱਖ ਵਿਸ਼ਾ ‘ਇੰਡੀਅਨ ਐਨਰਜੀ ਬਾਸਕਿਟ 2047 ਪ੍ਰੋਸਪੈਕਟਸ ਐਂਡ ਚੈਲੇਂਜਸ’ ਸੀ। ਵੈਸ਼ਾਲੀ ਨੇ ਇਸ ਗੁੰਝਲਦਾਰ ਵਿਸ਼ੇ ’ਤੇ ਬਹੁਤ ਹੀ ਪ੍ਰਭਾਵਸ਼ਾਲੀ ਤੇ ਵਿਗਿਆਨਕ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ ਅਤੇ ਜੱਜਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਬਹੁਤ ਹੀ ਢੁੱਕਵੇਂ ਜਵਾਬ ਦੇ ਕੇ ਦਰਸ਼ਕਾਂ ਦੀ ਵਾਹ-ਵਾਹੀ ਖੱਟੀ। ਵਿਦਿਆਰਥਣ ਦੀ ਇਸ ਵੱਡੀ ਪ੍ਰਾਪਤੀ ਪਿੱਛੇ ਸਕੂਲ ਦੇ ਸਾਇੰਸ ਅਧਿਆਪਕਾਂ ਦੀ ਸਖ਼ਤ ਮਿਹਨਤ ਸ਼ਾਮਿਲ ਹੈ। ਬੱਚੀ ਦੀ ਇਹ ਸ਼ਾਨਦਾਰ ਤਿਆਰੀ ਸਾਇੰਸ ਮਿਸਟ੍ਰੈਸ ਮੈਡਮ ਹਰਦੀਪ ਕੌਰ ਅਤੇ ਸਾਇੰਸ ਮਾਸਟਰ ਅਜੇ ਕੁਮਾਰ ਦੀ ਯੋਗ ਅਗਵਾਈ ਹੇਠ ਕਰਵਾਈ ਗਈ ਸੀ। ਸਕੂਲ ਦੇ ਮੌਜੂਦਾ ਕਾਰਜਕਾਰੀ ਮੁਖੀ (ਇੰਚਾਰਜ) ਵਰਿੰਦਰਪਾਲ ਸਿੰਘ ਨੇ ਜੇਤੂ ਵਿਦਿਆਰਥਣ ਅਤੇ ਸਾਇੰਸ ਅਧਿਆਪਕਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਅਤੇ ਸਕੂਲ ਦੇ ਵਿਹੜੇ ਵਿਚ ਬੱਚੀ ਦਾ ਸਨਮਾਨ ਕੀਤਾ। ਸਕੂਲ ਦੇ ਪ੍ਰਿੰਸੀਪਲ ਅਤੇ ਸਹਾਇਕ ਡਾਇਰੈਕਟਰ ਡੀ. ਪੀ. ਆਈ. (ਸੈਕੰਡਰੀ) ਜਸਜੀਤ ਸਿੰਘ ਨੇ ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਬੱਚੀ ਦੀ ਹੌਸਲਾ ਅਫ਼ਜਾਈ ਕੀਤੀ। ਇਸ ਸ਼ਾਨਦਾਰ ਪ੍ਰਾਪਤੀ ’ਤੇ ਸਮੂਹ ਸਕੂਲ ਸਟਾਫ਼, ਵਿਦਿਆਰਥੀਆਂ ਤੇ ਇਲਾਕਾ ਨਿਵਾਸੀਆਂ ਵਿਚ ਭਾਰੀ ਖੁਸ਼ੀ ਦੀ ਲਹਿਰ ਹੈ ਅਤੇ ਵੈਸ਼ਾਲੀ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ।