ਨਵਾਂਸ਼ਹਿਰ ’ਚ ਰੋਡਵੇਜ਼ ਪਨਬੱਸ ਮੁਲਾਜ਼ਮਾਂ ਦੀ ਹੜਤਾਲ ਚੌਥੇ ਦਿਨ ਵੀ ਰਹੀ ਜਾਰੀ
ਨਵਾਂਸ਼ਹਿਰ, 24 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਰੋਡਵੇਜ਼, ਪੀ. ਆਰ.
ਨਵਾਂਸ਼ਹਿਰ, 24 ਅਕਤੂਬਰ (ਦੀਦਾਰ ਸਿੰਘ ਸ਼ੇਤਰਾ)-ਪੰਜਾਬ ਰੋਡਵੇਜ਼, ਪੀ. ਆਰ. ਟੀ. ਸੀ. ਅਤੇ ਪਨਬੱਸ ਦੇ ਕੱਚੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਚੌਥੇ ਦਿਨ ਵੀ ਹੜਤਾਲ ਜਾਰੀ ਰੱਖੀ। ਨਵਾਂਸ਼ਹਿਰ ਡਿਪੂ ਦੀ ਜਥੇਬੰਦੀ ਦੇ ਪ੍ਰਧਾਨ ਨਰਿੰਦਰ ਪੰਡੋਰੀ, ਜਨਰਲ ਸਕੱਤਰ ਮਹੇਸ਼ ਕੁਮਾਰ, ਕੇਂਦਰੀ ਬੌਡੀ ਦੇ ਮੈਂਬਰ ਸੁਲੱਖਣ ਸਿੰਘ ਦਿਉਲ, ਵਿੱਤ ਸਕੱਤਰ ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ ਮੀਤ ਪ੍ਰਧਾਨ ਅਤੇ ਜੱਗਾ ਸਿੰਘ, ਟਹਿਲ ਸਿੰਘ, ਭੁਪਿੰਦਰ ਸਿੰਘ ਕਾਲਾ ਨੇ ਕਿਹਾ ਕਿ ਸਰਕਾਰ ਉਨ੍ਹਾਂ ਦੀਆਂ ਮੰਗਾਂ ਸੰਬੰਧੀ ਆਨਾਕਾਨੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਮੀਟਿੰਗਾਂ ਕਰਕੇ, ਮੰਗਾਂ ਮੰਨ ਕੇ ਵੀ ਉਨ੍ਹਾਂ ਨੂੰ ਲਾਗੂ ਕਰਨ ਤੋਂ ਟਾਲਾ ਵੱਟ ਰਹੀ ਹੈ। ਜਿਸ ਕਾਰਨ ਉਨ੍ਹਾਂ ਨੂੰ ਸੰਘਰਸ਼ ਦਾ ਇਹ ਰਾਹ ਚੁਣਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਰੋਡਵੇਜ਼ ਕਾਮਿਆਂ ਨੇ ਪ੍ਰਾਈਵੇਟ ਬੱਸਾਂ ਵੀ ਬੱਸ ਅੱਡੇ ਦੇ ਅੰਦਰ ਨਹੀਂ ਵੜਨ ਦਿੱਤੀ। ਪ੍ਰਾਈਵੇਟ ਬੱਸਾਂ ਵਾਲੇ ਬਾਹਰੋਂ-ਬਾਹਰ ਸਵਾਰੀਆਂ ਚੁੱਕਦੇ ਦੇਖੇ ਗਏ। ਕਰਮਚਾਰੀ ਮੰਗ ਕਰ ਰਹੇ ਹਨ ਕਿ ਠੇਕੇ ‘ਤੇ ਰੱਖੇ ਹੋਏ ਸਾਰੇ ਕਰਮਚਾਰੀਆਂ ਨੂੰ ਸਰਕਾਰੀ ਸੇਵਾ ਦੇ ਪੂਰੇ ਲਾਭ ਸਮੇਤ ਰੈਗੂਲਰ ਕੀਤਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸੰਘਰਸ਼ ਦੌਰਾਨ ਮੁਲਾਜ਼ਮਾਂ ‘ਤੇ ਦਰਜ ਕੀਤੇ ਗਏ ਝੂਠੇ ਪੁਲਿਸ ਕੇਸ ਵਾਪਸ ਲਏ ਜਾਣ ਤੇ ਪੰਜਾਬ ਰੋਡਵੇਜ਼ ਦੇ ਬੇੜੇ ਵਿਚ 2000 ਨਵੀਆਂ ਬੱਸਾਂ ਸ਼ਾਮਿਲ ਕੀਤੀਆਂ ਜਾਣ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਤੁਰੰਤ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਪ੍ਰਸ਼ਾਸਨ ਵਿਰੁੱਧ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜਬੂਰ ਹੋਣਗੇ।