ਫ਼ਤਹਿਗੜ੍ਹ ਸਾਹਿਬ, 31 ਦਸੰਬਰ (ਬਲਜਿੰਦਰ ਸਿੰਘ)-ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੀ ਹਰੇਕ ਪ੍ਰਣਾਲੀ ਨੂੰ ਸੈਂਟਰਲਾਈਜ਼ ਕਰਕੇ ਸੂਬਿਆਂ ਦੇ ਸੰਵਿਧਾਨਕ ਹੱਕ ਖੋਹਣ ਅਤੇ ਵੱਡੇ ਉਦਯੋਗਿਕ ਘਰਾਣਿਆਂ ਨੂੰ ਬੇਹਿਸਾਬ ਮੁਨਾਫ਼ਾ ਪਹੁੰਚਾਉਣ ਦੀ ਨੀਤੀ 'ਤੇ ਕੰਮ ਕਰ ਰਹੀ ਹੈ | ਇਹ ਗੰਭੀਰ ਦੋਸ਼ ਲੋਕ ਸਭਾ ਹਲਕਾ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਅੱਜ ਕਰਤਾਰ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਵਿਖੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਸੱਦੀ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਲਗਾਏ | ਡਾ. ਗਾਂਧੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਲਗਾਤਾਰ ਸੂਬਿਆਂ ਦੀ ਆਰਥਿਕ ਅਤੇ ਪ੍ਰਸ਼ਾਸਕੀ ਖ਼ੁਦਮੁਖ਼ਤਿਆਰੀ ਨੂੰ ਕਮਜ਼ੋਰ ਕੀਤਾ ਹੈ | ਸੈਂਟਰਲਾਈਜ਼ੇਸ਼ਨ ਦੇ ਨਾਮ 'ਤੇ ਹਰੇਕ ਫ਼ੈਸਲਾ ਦਿੱਲੀ ਤੋਂ ਲਾਗੂ ਕਰਕੇ ਸੂਬਾ ਸਰਕਾਰਾਂ ਨੂੰ ਬੇਅਸਰ ਬਣਾਇਆ ਜਾ ਰਿਹਾ ਹੈ, ਤਾਂ ਜੋ ਦੇਸ਼ ਦੇ ਸਰੋਤਾਂ 'ਤੇ ਕੁਝ ਗਿਣੇ-ਚੁਣੇ ਲੋਕਾਂ ਦਾ ਕਬਜ਼ਾ ਕਰਵਾਇਆ ਜਾ ਸਕੇ | ਡਾ. ਗਾਂਧੀ ਨੇ ਮਨਰੇਗਾ ਸਕੀਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਯੋਜਨਾ ਕਾਂਗਰਸ ਸਰਕਾਰ ਵਲੋਂ ਗ਼ਰੀਬਾਂ, ਮਜ਼ਦੂਰਾਂ ਅਤੇ ਪਿੰਡਾਂ ਵਿਚ ਵਸਦੇ ਲੋਕਾਂ ਨੂੰ ਰੁਜ਼ਗਾਰ ਦੀ ਗਾਰੰਟੀ ਦੇਣ ਲਈ ਸ਼ੁਰੂ ਕੀਤੀ ਗਈ ਸੀ, ਪਰ ਭਾਜਪਾ ਸਰਕਾਰ ਵਲੋਂ ਇਸ ਦੇ ਨਾਮ ਅਤੇ ਢਾਂਚੇ ਨਾਲ ਛੇੜਛਾੜ ਕਰਕੇ ਗ਼ਰੀਬਾਂ ਦੇ ਮੂੰਹੋਂ ਰੋਟੀ ਦਾ ਨਿਵਾਲਾ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਮਨਰੇਗਾ ਦੇ ਨਾਮ 'ਤੇ ਚਲਾਏ ਜਾ ਰਹੇ ਨਵੇਂ ਮਿਸ਼ਨ ਅਸਲ ਵਿਚ ਗ਼ਰੀਬ ਵਿਰੋਧੀ ਹਨ ਅਤੇ ਇਹ ਸਿਰਫ਼ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਦੇਣ ਲਈ ਬਣਾਏ ਗਏ ਹਨ | ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਕਾਂਗਰਸ ਪਾਰਟੀ ਵਲੋਂ ਦੇਸ਼ ਵਿਆਪੀ ਸੰਘਰਸ਼ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ | ਇਹ ਸੰਘਰਸ਼ ਸਿਰਫ਼ ਸੜਕਾਂ ਤੱਕ ਸੀਮਤ ਨਹੀਂ ਰਹੇਗਾ, ਸਗੋਂ ਭਾਜਪਾ ਦੀਆਂ ਨਾਕਾਮੀਆਂ, ਝੂਠੇ ਵਾਅਦਿਆਂ ਅਤੇ ਗ਼ਰੀਬ ਵਿਰੋਧੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ | ਡਾ. ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ ਵਿਚ ਕਈ ਮੁਨਾਫ਼ੇ ਵਾਲੇ ਸਰਕਾਰੀ ਅਦਾਰੇ ਖੜ੍ਹੇ ਕੀਤੇ ਸਨ, ਜਿਨ੍ਹਾਂ ਨੇ ਦੇਸ਼ ਦੀ ਆਰਥਿਕ ਤਰੱਕੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ | ਪਰ ਭਾਜਪਾ ਸਰਕਾਰ ਨੇ ਉਨ੍ਹਾਂ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਨਿੱਜੀ ਹੱਥਾਂ 'ਚ ਸੌਂਪ ਕੇ ਆਪਣੇ ਚਹੇਤਿਆਂ ਨੂੰ ਅਮੀਰ ਬਣਾਉਣ ਦਾ ਕੰਮ ਕੀਤਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਵਲੋਂ ਸਿਆਸੀ ਵਿਰੋਧ ਨੂੰ ਦੁਸ਼ਮਣੀ ਵਜੋਂ ਪੇਸ਼ ਕਰਕੇ ਲੋਕਤੰਤਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ | ਭਾਜਪਾ ਦੇਸ਼ ਨੂੰ ਇਸਲਾਮਿਕ ਦੇਸ਼ ਪਾਕਿਸਤਾਨ ਦੀ ਤਰਜ਼ 'ਤੇ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੀ ਹੈ, ਜਿਸ ਨਾਲ ਦੇਸ਼ ਵਿਚ ਆਪਸੀ ਭਾਈਚਾਰਕ ਸਾਂਝ ਅਤੇ ਭਰਾਤਰੀ ਭਾਵ ਖ਼ਤਮ ਹੋਵੇਗਾ, ਲੋਕਾਂ ਵਿਚ ਨਫ਼ਰਤ ਅਤੇ ਡਰ ਦਾ ਮਾਹੌਲ ਪੈਦਾ ਹੋਵੇਗਾ, ਜੋ ਦੇਸ਼ ਦੀ ਏਕਤਾ ਲਈ ਗੰਭੀਰ ਖ਼ਤਰਾ ਹੈ | ਆਮ ਆਦਮੀ ਪਾਰਟੀ ਵਲੋਂ ਮਨਰੇਗਾ ਮਸਲੇ 'ਤੇ ਵਿਸ਼ੇਸ਼ ਸੈਸ਼ਨ ਸੱਦੇ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਡਾ. ਗਾਂਧੀ ਨੇ ਕਿਹਾ ਕਿ ਇਹ 'ਆਪ' ਦਾ ਦੋਹਰਾ ਚਰਿੱਤਰ ਹੈ | ਕਿਉਂਕਿ 'ਆਪ' ਸਰਕਾਰ ਵਲੋਂ ਇਕ ਪਾਸੇ ਵਿਸ਼ੇਸ਼ ਸੈਸ਼ਨ ਰੱਖ ਕੇ ਲੋਕਾਂ ਸਾਹਮਣੇ ਮਨਰੇਗਾ ਦੇ ਹੱਕ ਵਿਚ ਦਿਖਾਵਾ ਕੀਤਾ ਗਿਆ, ਪਰ ਦੂਜੇ ਪਾਸੇ ਇਸ ਮੁਹਿੰਮ ਦੇ ਖ਼ਿਲਾਫ਼ ਆਵਾਜ਼ ਉਠਾਉਣ ਵਾਲੇ ਲੋਕਾਂ ਅਤੇ ਕਾਰਕੁਨਾਂ ਨੂੰ ਗਿ੍ਫ਼ਤਾਰ ਕਰਕੇ ਜੇਲ੍ਹਾਂ ਵਿਚ ਬੰਦ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਸ ਦੋਹਰੀ ਰਾਜਨੀਤੀ ਨੂੰ ਸਮਝ ਚੁੱਕੇ ਹਨ ਅਤੇ ਸਮੇਂ ਆਉਣ 'ਤੇ ਇਸ ਦਾ ਕਰਾਰਾ ਜਵਾਬ ਜਰੂਰ ਦੇਣਗੇ | ਸਾਬਕਾ ਵਿਧਾਇਕ ਨਾਗਰਾ ਨੇ ਕਿਹਾ ਕਿ ਇਸ ਸੰਘਰਸ਼ ਦੀ ਲੜੀ ਤਹਿਤ ਕਾਂਗਰਸ ਪਾਰਟੀ ਦੇ ਵਰਕਰ ਪਿੰਡ-ਪਿੰਡ ਅਤੇ ਸ਼ਹਿਰ-ਸ਼ਹਿਰ ਜਾ ਕੇ ਭਾਜਪਾ ਦੀਆਂ ਦੇਸ਼ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਨਗੇ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਰਕਾਰ ਦੇ ਗਲ਼ ਅੰਗੂਠਾ ਦੇ ਕੇ ਇਸ ਲੋਕ ਵਿਰੋਧੀ ਨੀਤੀ ਨੂੰ ਵਾਪਸ ਕਰਵਾਉਣ ਤੱਕ ਚੁੱਪ ਨਹੀਂ ਬੈਠੇਗੀ ਅਤੇ ਗ਼ਰੀਬੀ ਰੇਖਾ ਹੇਠ ਜੀਵਨ ਬਸਰ ਕਰ ਰਹੇ ਲੋਕਾਂ ਨੂੰ ਉਨ੍ਹਾਂ ਦਾ ਹੱਕ ਦਿਵਾਇਆ ਜਾਵੇਗਾ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ, ਬਲਾਕ ਪ੍ਰਧਾਨ ਸਰਹਿੰਦ ਗੁਰਮੁੱਖ ਸਿੰਘ ਪੰਡਰਾਲੀ, ਬਲਜਿੰਦਰ ਸਿੰਘ ਅਤਾਪੁਰ, ਦਵਿੰਦਰ ਸਿੰਘ ਜੱਲ੍ਹਾ ਸਾਬਕਾ ਸਰਪੰਚ, ਭੁਪਿੰਦਰ ਸਿੰਘ ਬਧੌਛੀ, ਗੁਰਭੇਜ ਸਿੰਘ ਰਾਏ, ਜ਼ਿਲ੍ਹਾ ਪ੍ਰੈਸ ਮੀਡੀਆ ਇੰਚਾਰਜ ਪਰਮਵੀਰ ਸਿੰਘ ਟਿਵਾਣਾ, ਬਲਾਕ ਪ੍ਰਧਾਨ ਖਮਾਣੋਂ ਸਰਬਜੀਤ ਸਿੰਘ ਜੀਤੀ, ਗੁਰਲਾਲ ਸਿੰਘ ਲਾਲੀ, ਨਾਜਰ ਸਿੰਘ, ਸੁਖਵਿੰਦਰ ਸਿੰਘ ਕਾਲਾ, ਮਨਪ੍ਰੀਤ ਮਨੀ, ਧਰਮਿੰਦਰ ਸਿੰਘ, ਲਾਭ ਸਿੰਘ, ਮਨਿੰਦਰ ਸਿੰਘ ਟਿਵਾਣਾ, ਹਰਿੰਦਰ ਸਿੰਘ ਮੂਲੇਪੁਰ, ਨਰਿੰਦਰ ਸਿੰਘ ਨਿੰਦੀ, ਮੇਵਾ ਸਿੰਘ ਧਨੌਲਾ, ਨੰਬਰਦਾਰ ਨੱਥੂ ਰਾਮ ਨੰਗਲਾ, ਡਾ. ਨਰੇਸ਼ ਚੌਹਾਨ, ਹਰਮਨਦੀਪ ਸਿੰਘ ਗੋਗੀ, ਗੁਰਪਾਲ ਸਿੰਘ, ਫੱਮਣ ਸਿੰਘ, ਰਾਜੀਵ ਸ਼ਰਮਾ, ਪਰਮਿੰਦਰ ਹੈਂਪੀ ਤੇ ਹੋਰ ਕਾਂਗਰਸੀ ਆਗੂ ਹਾਜ਼ਰ ਸਨ |